Punjab

ਕਾਂਗਰਸ ਆਪਣੀ ਲੜਾਈ ਵਿੱਚ ਪੰਜਾਬ ਨੂੰ ਭੁੱਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਮੰਤਰੀ ਪ੍ਰਕਾਸ਼ ਸਿੰਘ ਜਾਵੜੇਕਰ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਮਸਾਣ ‘ਤੇ ਤੰਜ ਕੱਸਦਿਆਂ ਕਿਹਾ ਕਿ ‘ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਕਾਂਗਰਸ ਪਾਰਟੀ ਕੁਰਸੀ ਬਚਾਉਣ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਕਰੋਨਾ ਤੋਂ ਪ੍ਰਭਾਵਿਤ ਹੈ, ਵੈਕਸੀਨ ਦਾ ਪ੍ਰਬੰਧਨ ਠੀਕ ਨਹੀਂ ਹੋ ਰਿਹਾ ਹੈ। ਕਾਂਗਰਸ ਦੀ ਪਿਛਲੇ 6 ਮਹੀਨਿਆਂ ਤੋਂ ਆਪਸੀ ਲੜਾਈ ਹੋ ਰਹੀ ਹੈ। ਅੱਜ ਪੰਜਾਬ ਦੀ ਪੂਰੀ ਸਰਕਾਰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਦਿੱਲੀ ਬੈਠੀ ਹੈ, ਤਾਂ ਉੱਥੇ ਪੰਜਾਬ ਨੂੰ ਕੌਣ ਵੇਖੇਗਾ। ਆਪਣੀ ਪਾਰਟੀ ਦੀ ਅੰਦਰੂਨੀ ਪਾਲਿਸੀ ਨੂੰ ਵੇਖਣ ਲਈ ਪੰਜਾਬ ਦੇ ਲੋਕਾਂ ਦੀ ਅਣਦੇਖੀ ਕਰਨਾ ਕਾਂਗਰਸ ਦਾ ਵੱਡਾ ਪਾਪ ਹੈ’।

ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਲਈ ਦਿੱਲੀ ਵਿੱਚ ਕਾਂਗਰਸ ਹਾਈਕਮਾਂਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਨੇ ਕਾਂਗਰਸ ਦੇ ਸਾਰੇ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਦਾ ਦਿੱਲੀ ਵਿੱਚ ਹੱਲ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਦੇ ਦਿੱਲੀ ਵਿੱਚ ਗੁਰਦੁਆਰਾ ਰਕਾਬ ਗੰਜ ਰੋਡ ਉੱਤੇ ਬਣੇ ਬੰਗਲੇ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ।