Punjab

ਜ਼ਰੂਰੀ ਮੁੱਦਿਆਂ ਦੀ ਤਰੀਕ ਅੱਗੇ ਵਧਾ ਕੇ ਸਰਕਾਰ ਟਪਾ ਰਹੀ ਹੈ ਸਮਾਂ – ਚੀਮਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਤਰੀਕ ਨੂੰ 31 ਅਗਸਤ ਤੱਕ ਵਧਾਉਣ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ‘ਇਹ ਸੂਬੇ ਦੇ ਕਰਮਚਾਰੀਆਂ ਨਾਲ ਸਿੱਧਾ ਧੋਖਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰਿਪੋਰਟ ਨੂੰ ਲਾਗੂ ਕਰਨ ਤੋਂ ਭੱਜਣਾ ਚਾਹੁੰਦੀ ਹੈ ਅਤੇ ਸਿਰਫ ਸਮਾਂ ਖਰਾਬ ਕਰ ਰਹੀ ਹੈ, ਭਾਵ ਚੋਣਾਂ ਤੱਕ ਆਪਣਾ ਸਮਾਂ ਲੰਘਾ ਰਹੀ ਹੈ’।

ਚੀਮਾ ਨੇ ਕਿਹਾ ਕਿ ‘ਇਨ੍ਹਾਂ ਨੇ ਸਾਲ 2017 ਵਿੱਚ ਰਿਪੋਰਟ ਲਾਗੂ ਕਰਨੀ ਸੀ ਪਰ ਹੁਣ ਇਸਨੂੰ ਇਹ 31 ਅਗਸਤ 2021 ਤੱਕ ਲੈ ਗਏ ਹਨ। ਇੱਕ ਵਾਰ ਹੋਰ ਇਨ੍ਹਾਂ ਨੇ ਬੇਈਮਾਨੀਆਂ ਕਰਨੀਆਂ ਹਨ, ਇਹ ਰਿਪੋਰਟ ਨੂੰ ਦੋ ਮਹੀਨੇ ਹੋਰ ਅੱਗੇ ਪਾ ਦੇਣਗੇ। ਉਸ ਤੋਂ ਬਾਅਦ ਚੋਣਾਂ ਦਾ Code of Conduct ਲੱਗ ਜਾਣਾ ਹੈ। ਫਿਰ ਇਨ੍ਹਾਂ ਦਾ ਬਹਾਨਾ ਬਣ ਜਾਣਾ ਹੈ ਕਿ ਅਸੀਂ ਇਸਨੂੰ ਲਾਗੂ ਨਹੀਂ ਕਰ ਸਕੇ। ਇਹ ਸਰਕਾਰ ਦਾ ਬਹੁਤ ਵੱਡਾ ਵਿਸ਼ਵਾਸਘਾਤ ਹੈ। ਸਰਕਾਰ ਮੁਲਾਜ਼ਮਾਂ ਨਾਲ ਪੇ ਕਮਿਸ਼ਨ ਦੇ ਕੀਤੇ ਗਏ ਵਾਅਦੇ ਤੋਂ ਵੀ ਮੁੱਕਰ ਗਈ ਹੈ। ਪਰ ਪੰਜਾਬ ਦੇ ਲੋਕ ਇਸ ਵਿਸ਼ਵਾਸਘਾਤ ਦੀ ਸਜ਼ਾ ਸਰਕਾਰ ਨੂੰ ਦੇਣ ਲਈ ਤਿਆਰ ਬੈਠੇ ਹਨ’।

ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਤਰੀਕ ਵਧਾ ਦਿੱਤੀ ਹੈ। 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਲਈ 31 ਅਗਸਤ ਤੱਕ ਮਿਆਦ ਵਧਾਈ ਗਈ ਹੈ।