Punjab

ਕੈਪਟਨ ਸਰਕਾਰ ਸਸਤੀ ਵੈਕਸੀਨ ਖਰੀਦ ਕੇ ਵੇਚ ਰਹੀ ਹੈ ਮਹਿੰਗੀ – ਸੁਖਬੀਰ ਬਾਦਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿੱਚ ਕਰੋਨਾ ਮਹਾਂਮਾਰੀ ‘ਚ ਸੂਬੇ ਦੇ ਮਾੜੇ ਹਾਲਾਤਾਂ, ਸੂਬਾ ਸਰਕਾਰ ਵੱਲੋਂ ਸਿਹਤ ਸੁਰੱਖਿਆ ਦੇ ਮਾੜੇ ਪ੍ਰਬੰਧਨ, ਵੈਕਸੀਨ ਦੀ ਘਾਟ ਅਤੇ ਹੋਰਨਾਂ ਅਹਿਮ ਮਸਲਿਆਂ ਸਬੰਧੀ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਚਾਰ ਸਾਲ ਪੰਜਾਬ ਨੂੰ ਲੁੱਟਦਿਆਂ ਹੋ ਗਏ ਪਰ ਹਾਲੇ ਤੱਕ ਇਨ੍ਹਾਂ ਦਾ ਪੇਟ ਨਹੀਂ ਭਰਿਆ ਕਿ ਇਹ ਹੁਣ ਆਮ ਲੋਕਾਂ ਦੀਆਂ ਜਾਨਾਂ ਦੇ ਨਾਲ ਖੇਡਣ ਲੱਗ ਪਏ ਹਨ। ਕੋਵਿਡ ਦੀ ਬਿਮਾਰੀ ਦੇ ਖਿਲਾਫ ਸਾਰੀ ਦੁਨੀਆ ਲੜ ਰਹੀ ਹੈ, ਦੇਸ਼ਾਂ ਦੀਆਂ, ਸੂਬੇ ਦੀਆਂ ਸਰਕਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਆਪਣਾ ਸਾਰਾ ਕੁੱਝ ਦਾਅ ‘ਤੇ ਲਗਾ ਰਹੀਆਂ ਹਨ ਪਰ ਕੈਪਟਨ ਸਰਕਾਰ ਆਪਣੇ ਲਈ ਪੈਸਾ ਕਮਾਉਣ ਲੱਗ ਪਈ ਹੈ’।

ਉਨ੍ਹਾਂ ਕਿਹਾ ਕਿ ‘ਪੰਜਾਬ ਵਿੱਚ ਵੈਕਸੀਨ ਹੈ ਪਰ ਪੰਜਾਬ ਸਰਕਾਰ ਲੁੱਟਣ ‘ਤੇ ਲੱਗੀ ਹੋਈ ਹੈ। ਪੰਜਾਬ ਸਰਕਾਰ ਕਰੋਨਾ ਵੈਕਸੀਨ ਦੀ ਇੱਕ ਡੋਜ਼ 400 ਰੁਪਏ ਵਿੱਚ ਖਰੀਦ ਰਹੀ ਹੈ ਪਰ ਲੋਕਾਂ ਨੂੰ 400 ਰੁਪਏ ਵਿੱਚ ਡੋਜ਼ ਲਗਾ ਨਹੀਂ ਰਹੀ। ਸਰਕਾਰ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਸਮਝੌਤਾ ਕਰਕੇ ਹਸਪਤਾਲਾਂ ਨੂੰ ਮਹਿੰਗੇ ਭਾਅ ਵੈਕਸੀਨ ਵੇਚ ਰਹੀ ਹੈ ਅਤੇ ਅੱਗੇ ਪ੍ਰਾਈਵੇਟ ਹਸਪਤਾਲ ਲੋਕਾਂ ਨੂੰ ਇਹੀ ਵੈਕਸੀਨ 1500, 1700 ਤੇ ਕੋਈ 2 ਹਜ਼ਾਰ ਰੁਪਏ ਵਿੱਚ ਲਗਾ ਰਹੇ ਹਨ। ਹਾਲਾਂਕਿ, ਪੰਜਾਬ ਸਰਕਾਰ ਨੂੰ ਤਾਂ ਲੋਕਾਂ ਨੂੰ ਵੈਕਸੀਨ ਮੁਫਤ ਲਗਾਉਣੀ ਚਾਹੀਦੀ ਸੀ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਨੂੰ ਲਗਾ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਕਰੋਨਾ ਵੈਕਸੀਨ ਮੁਫਤ ਨਾ ਕੀਤੀ ਜਾਂ ਫਿਰ ਵੈਕਸੀਨ ਦੀਆਂ ਕੀਮਤਾਂ ਸਹੀ ਨਾ ਕੀਤੀਆਂ, ਤਾਂ ਅਸੀਂ ਹਾਈਕੋਰਟ ਵੀ ਜਾਵਾਂਗੇ। ਜੇ ਸਾਡੀ ਸਰਕਾਰ ਬਣ ਜਾਵੇ ਤਾਂ ਜਿਨ੍ਹਾਂ-ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਹੈ, ਉਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾਵੇਗੀ’।

ਸੁਖਬੀਰ ਬਾਦਲ ਨੇ ਕਿਹਾ ਕਿ ‘ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਸਾਂਝਾ ਖਾਤਾ ਹੈ। ਸੁਖਪਾਲ ਖਹਿਰਾ ਪਹਿਲਾਂ ਕਾਂਗਰਸ ਨੂੰ ਮਾੜਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਚਲਾ ਗਿਆ ਸੀ ਅਤੇ ਫਿਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਵਾਪਸ ਕਾਂਗਰਸ ਵਿੱਚ ਚਲਾ ਗਿਆ। ਸਾਨੂੰ ਤਾਂ ਇਹੀ ਨਹੀਂ ਪਤਾ ਲੱਗ ਰਿਹਾ ਕਿ ਕੀ ਇਹ ਵਿਰੋਧੀ ਪਾਰਟੀ ਹੈ ਜਾਂ ਫਿਰ ਸਾਂਝੀ (Joint) ਪਾਰਟੀ ਹੈ। ਕਾਂਗਰਸ ਅਤੇ ‘ਆਪ’ ਪਾਰਟੀ ਦੀ ਇੱਕੋ ਹੀ ਅੜੀ ਹੈ ਕਿ ਇਹਨਾਂ ਨੇ ਅਕਾਲੀ ਦਲ ਦੇ ਖਿਲਾਫ ਬੋਲਣਾ ਹੈ। ਪੰਜਾਬ ਵਿੱਚ ਕਰੋਨਾ ਵੈਕਸੀਨੇਸ਼ਨ ਦੀ ਸਥਿਤੀ ‘ਤੇ ‘ਆਪ’ ਪਾਰਟੀ ਚੁੱਪ ਕਿਉਂ ਹੈ ਕਿਉਂਕਿ ਉਸਦਾ ਹੀ ਸਾਥੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਲੁੱਟ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਦੁੱਖਦਾਈ ਹੈ ਜਦੋਂ ਗਾਂਧੀ ਪਰਿਵਾਰ, ਕਾਂਗਰਸ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਹਮਲਾ ਕੀਤਾ, ਉਸੇ ਦਿਨ ਹੀ ਖਹਿਰਾ ਨੇ ਕਾਂਗਰਸ ਵਿੱਚ ਵਾਪਸੀ ਕੀਤੀ ਹੈ’।