‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਘੱਟ ਰਹੇ ਕੇਸਾਂ ਦੇ ਮੱਦੇਨਜ਼ਰ ਪੂਰਾ ਦੇਸ਼ ਹੌਲੀ-ਹੌਲੀ ਅਨਲਾਕ ਹੋ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਸੂਬਿਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਪਰ ਜਿਮ ਮਾਲਕ ਪੰਜਾਬ ਸਰਕਾਰ ਤੋਂ ਕੁੱਝ ਖਫਾ ਨਜ਼ਰ ਆ ਰਹੇ ਹਨ। ਪੰਜਾਬ ਵਿੱਚ ਵੱਖ-ਵੱਖ ਥਾਂਵਾਂ ‘ਤੇ ਜਿਮ ਮਾਲਕਾਂ ਨੇ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਨੂੰ ਜਿਮ ਖੋਲ੍ਹਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਵਿੱਚ ਵੀ ਜਿਮ ਸੰਚਾਲਕਾਂ ਨੇ ਜਿਮ ਖੋਲ੍ਹਣ ਦੀ ਮੰਗ ਕੀਤੀ ਹੈ। ਜਿਮ ਮਾਲਕਾਂ ਨੇ ਕਿਹਾ ਕਿ ਜਦੋਂ ਸਾਰਾ ਕੁੱਝ ਖੁੱਲ੍ਹ ਰਿਹਾ ਹੈ ਤਾਂ ਜਿਮ ਬੰਦ ਕਿਉਂ ਰੱਖੇ ਗਏ ਹਨ। ਕਈ ਪ੍ਰਦਰਸ਼ਨਕਾਰੀ ਤਾਂ ਨੰਗੇ ਧੜ ਹੀ ਸੜਕਾਂ ‘ਤੇ ਆ ਗਏ। ਜਿਮ ਮਾਲਕਾਂ ਨੇ ਸ਼ਰਾਬ ਠੇਕਿਆਂ ਦੇ ਖੋਲ੍ਹੇ ਜਾਣ ‘ਤੇ ਵਿਰੋਧ ਜਤਾਉਂਦਿਆਂ ਕਿਹਾ ਕਿ ਜਿਮ ਬੰਦ ਰੱਖਣ ਨਾਲ ਉਨ੍ਹਾਂ ਦਾ ਰੁਜ਼ਗਾਰ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿਮ ਵਿੱਚ ਤਾਂ ਲੋਕਾਂ ਨੂੰ ਤੰਦਰੁਸਤੀ ਦਿੱਤੀ ਜਾਂਦੀ ਹੈ ਭਾਵ ਜਿਮ ਆਉਣ ਨਾਲ ਵਿਅਕਤੀ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਪਰ ਸਰਕਾਰ ਨੇ ਇਮਿਊਨਿਟੀ ਖਰਾਬ ਕਰਨ ਵਾਲੇ ਸ਼ਰਾਬ ਦੇ ਠੇਕੇ ਤਾਂ ਖੋਲ੍ਹ ਦਿੱਤੇ ਹਨ ਪਰ ਇਮਿਊਨਿਟੀ ਸਹੀ ਕਰਨ ਵਾਲੇ ਜਿਮ ਬੰਦ ਕਰ ਦਿੱਤੇ ਹਨ।