‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਮਹਾਂਮਾਰੀ ਦੇ ਜਿਸ ਹਿਸਾਬ ਨਾਲ ਕੇਸ ਸਾਹਮਣੇ ਆਏ ਹਨ, ਉਸਨੂੰ ਲੈ ਕੇ ਸਰਕਾਰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਭ ਤੋਂ ਵੱਧ ਚਿੰਤਿਤ ਨਜਰ ਆਈ ਹੈ।ਸਰਕਾਰ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਲੋਕਾਂ ਦਰਮਿਆਨ ਆਪਣੇ ਤਿੰਨ ਪ੍ਰੋਗਰਾਮਾਂ ਦਾ ਵੱਡੇ ਪੱਧਰ ‘ਤੇ ਮੀਡੀਆ ਰਾਹੀਂ ਪ੍ਰਚਾਰ ਕੀਤਾ ਹੈ। ਇਸ ਵਿੱਚ ਕੋਵਿਡ-19, ਕੋਵਿਡ-19 ਐਪਰੋਪ੍ਰੀਏਟ ਬਿਹੇਵੀਅਰ ਤੇ ਟੀਕਾਕਰਣ ਸ਼ਾਮਿਲ ਹੈ। ਹੁਣ ਕੇਂਦਰ ਸਰਕਾਰ ਨੇ ਨਵੀਂ ਐਡਵਾਇਜ਼ਰੀ ਜਾਰੀ ਕਰਕੇ ਸਾਰੇ ਨਿੱਜੀ ਚੈਨਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਚਾਰ ਰਾਸ਼ਟਰੀ ਪੱਧਰੀ ਹੈਲਪਲਾਈਨ ਨੰਬਰਾਂ ਨੂੰ ਆਪਣੇ ਟੀਵੀ ਰਾਹੀਂ ਦਿਖਾ ਕੇ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਸਰਕਾਰ ਦੀ ਮਦਦ ਕਰਨ।
ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਕੋਰੋਨਾ ਮਹਾਂਮਾਰੀ ਨਾਲ ਜੁੜੀਆਂ ਤਿੰਨ ਚੀਜ਼ਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਇਸ ਵਿੱਚ ਕੋਵਿਡ ਟ੍ਰੀਟਮੈਂਟ ਪ੍ਰੋਟੋਕੋਲ, ਕੋਵਿਡ ਲਈ ਉਚਿਤ ਵਿਵਹਾਰ ਅਤੇ ਟੀਕਾਕਰਨ ਸ਼ਾਮਿਲ ਹੈ।
ਕੇਂਦਰ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਸਰਕਾਰ ਨੇ ਵੱਖ-ਵੱਖ ਮਾਧਿਅਮਾਂ, ਜਿਵੇਂ ਕਿ ਪ੍ਰਿੰਟ, ਟੀਵੀ, ਰੇਡੀਓ, ਸੋਸ਼ਲ ਮੀਡੀਆ ਅਤੇ ਹੋਰ ਮੀਡੀਆ ਪਲੇਟਫਾਰਮਾਂ ਰਾਹੀਂ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਹਨ। ਇਸ ਕੰਮ ਲਈ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਹੈ।
ਸਰਕਾਰ ਨੇ ਇਸ ਕਾਰਜ ਲਈ ਨਿੱਜੀ ਚੈਨਲਾਂ ਨੂੰ ਸਲਾਹ ਦਿੱਤੀ ਹੈ ਕਿ ਸਰਕਾਰ ਵੱਲੋਂ ਜਾਰੀ ਚਾਰ ਹੈਲਪਲਾਇਨ ਨੰਬਰਾਂ ਨੂੰ ਟੀਵੀ ਦੇ ਇੰਟਰਵਲ ਦੌਰਾਨ, ਪ੍ਰਾਈਮ ਟਾਈਮ ਦੌਰਾਨ ਜਾਂ ਫਿਰ ਜੋ ਚੈਨਲਾਂ ਦੇ ਟਿੱਕਰ ਜਾਂ ਹੋਰ ਥਾਵਾਂ ਹਨ, ਜਿੱਥੇ ਲੋਕਾਂ ਦੀ ਵੱਧ ਨਜਰ ਜਾਂਦੀ ਹੋਵੇ, ਉਥੇ ਇਨ੍ਹਾਂ ਨੂੰ ਥਾਂ ਦੇਣ, ਤਾਂ ਜੋ ਰਾਸ਼ਟਰੀ ਪੱਧਰ ‘ਤੇ ਇਨ੍ਹਾਂ ਹੈਲਪਲਾਈਨ ਨੰਬਰਾਂ ਦੇ ਨਾਲ ਕੋਰੋਨਾ ਖਿਲਾਫ ਮਹਾਂਮਾਰੀ ਦੇ ਵਿਰੁੱਧ ਜਾਗਰੂਕਤਾ ਫੈਲਾਈ ਜਾ ਸਕੇ ਤੇ ਲੋਕ ਇਨ੍ਹਾਂ ਨੰਬਰਾਂ ਦਾ ਫਾਇਦਾ ਲੈ ਸਕਣ।
ਸਰਕਾਰ ਨੇ ਜੋ ਨੰਬਰ ਜਾਰੀ ਕੀਤੇ ਹਨ, ਉਨ੍ਹਾਂ ਵਿੱਚ…
– 1075 (ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਹੈਲਪਲਾਈਨ ਨੰਬਰ)
– 1098 (ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਬੱਚਿਆਂ ਲਈ ਜਾਰੀ ਕੀਤਾ ਗਿਆ ਹੈਲਪਲਾਈਨ ਨੰਬਰ,
– 14567 (ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਸੀਨੀਅਰ ਸਿਟੀਜਨਸ ਲਈ)
– 08046110007 (ਮਾਨਸਿਕ ਤਣਾਅ ਵਿੱਚ ਸਹਾਇਤਾ ਲਈ ਨੀਮਹੰਸ ਦਾ ਹੈਲਪਲਾਈਨ ਨੰਬਰ)।