Punjab

ਪੰਜਾਬ ‘ਚ ਕਰੋਨਾ ਟੀਕੇ ਖਤਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ 18 ਤੋਂ ਵੱਧ ਉਮਰ ਵਰਗ ਦੇ ਲਈ ਕਰੋਨਾ ਵੈਕਸੀਨ ਖਤਮ ਹੋ ਗਈ ਹੈ। ਪੰਜਾਬ ਦੇ ਨੋਡਲ ਅਫਸਰ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ 26 ਮਈ ਨੂੰ 1 ਲੱਖ ਵੈਕਸੀਨ ਮਿਲਣੀ ਸੀ ਪਰ ਉਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਦੂਜੀ ਡੋਜ਼ ਲਗਾਉਣ ਲਈ ਵੀ ਪੰਜਾਬ ਕੋਲ ਲੋੜੀਂਦਾ ਵੈਕਸੀਨ ਨਹੀਂ ਹੈ। ਵਿਕਾਸ ਗਰਗ ਨੇ ਕਿਹਾ ਕਿ ਸਾਨੂੰ 31 ਮਈ ਤੱਕ 4 ਲੱਖ 29 ਹਜ਼ਾਰ ਕੋਵੀਸ਼ੀਲਡ ਵੈਕਸੀਨ ਦੀਆਂ ਡੋਜ਼ਾਂ ਮਿਲੀਆਂ। ਸਾਨੂੰ 18 ਤੋਂ 44 ਸਾਲ ਦੇ ਉਮਰ ਵਰਗ ਲਈ ਕੱਲ੍ਹ 1 ਲੱਖ 14 ਹਜ਼ਾਰ ਕੋਵੈਕਸੀਨ ਦੀਆਂ ਡੋਜ਼ਾਂ ਵੀ ਆਉਣੀਆਂ ਸਨ ਪਰ ਉਹ ਹਾਲੇ ਤੱਕ ਨਹੀਂ ਆਈਆਂ।

ਗਰਗ ਨੇ ਕਿਹਾ ਕਿ 45 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਅਤੇ ਹੈਲਥ ਕੇਅਰ ਵਾਲੇ ਫਰੰਟਲਾਈਨ ਵਰਕਰਾਂ ਵਾਸਤੇ ਸਾਨੂੰ ਕੁੱਲ 45 ਲੱਖ 90 ਹਜ਼ਾਰ ਡੋਜ਼ਾਂ ਆਈਆਂ ਸਨ, ਜਿਨ੍ਹਾਂ ਵਿੱਚੋਂ ਅਸੀਂ 44 ਲੱਖ 80 ਹਜ਼ਾਰ ਡੋਜ਼ਾਂ ਲਗਾ ਚੁੱਕੇ ਹਾਂ। ਹੁਣ ਤੱਕ ਤਕਰੀਬਨ 42 ਲੱਖ ਲੋਕਾਂ ਨੂੰ ਪਹਿਲੀ ਖੁਰਾਕ ਅਤੇ ਸਾਢੇ 7 ਲੱਖ ਦੇ ਕਰੀਬ ਲੋਕਾਂ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। ਪੰਜਾਬ ਦੀ ਰੋਜ਼ਾਨਾ ਵੈਕਸੀਨੇਸ਼ਨ ਲਾਉਣ ਦੀ ਸਮਰੱਥਾ 3 ਲੱਖ ਡੋਜ਼ ਹੈ। ਗਰਗ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਅੱਜ ਪੰਜਾਬ ਕੋਲ 1 ਲੱਖ 14 ਹਜ਼ਾਰ ਕਰੋਨਾ ਵੈਕਸੀਨ ਆ ਸਕਦੀ ਹੈ।