‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਦਾਕਾਰ ਦੀਪ ਸਿੱਧੂ ਅੱਜ ਕੁਰੂਕਸ਼ੇਤਰ ਪਹੁੰਚੇ ਸਨ। ਉਨ੍ਹਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ। ਦੀਪ ਸਿੱਧੂ ਨੇ ਉਹਨਾਂ ਦੇ ਖਿਲਾਫ ਦਰਜ ਹੋਏ ਕੇਸ ਬਾਰੇ ਬੋਲਦਿਆਂ ਕਿਹਾ ਕਿ ਰਾਜਨੀਤੀ ਦੇ ਤਹਿਤ ਮੇਰੇ ‘ਤੇ ਪਰਚਾ ਦਰਜ ਹੋਇਆ ਹੈ। ਅਸੀਂ ਤਾਂ ਲੋਕਾਂ ਨੂੰ ਆਕਸੀਜਨ ਵੰਡ ਰਹੇ ਹਾਂ, ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾ ਰਹੇ ਹਾਂ।
ਦੀਪ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਰੋਨਾ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਹੈ। ਕੋਵਿਡ ਦੇ ਨਵੀਂ ਲਹਿਰ ਕਾਫੀ ਗੰਭੀਰ ਹੈ, ਇਸ ਲਈ ਅਸੀਂ ਜਿੱਥੇ-ਜਿੱਥੇ ਵੀ ਗਏ, ਉੱਥੇ ਆਕਸੀਜਨ ਸਿਲੰਡਰ ਵੀ ਦਿੱਤੇ। ਅਸੀਂ ਉੱਥੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ।
ਅਦਾਕਾਰ ਦੀਪ ਸਿੱਧੂ ਦੇ ਖਿਲਾਫ ਇੱਕ ਹੋਰ ਕੇਸ ਦਰਜ ਹੋਇਆ ਹੈ। ਫਰੀਦਕੋਟ ਦੇ ਥਾਣਾ ਜੈਤੋ ਵਿੱਚ ਦੀਪ ਸਿੱਧੂ ਖਿਲਾਫ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਕੇਸ ਦਰਜ ਹੋਇਆ ਹੈ। ਦੀਪ ਸਿੱਧੂ ‘ਤੇ ਕਰੋਨਾ ਦੌਰ ਦੌਰਾਨ ਬਿਨਾਂ ਇਜਾਜ਼ਤ ਤੋਂ ਲੋਕਾਂ ਨਾਲ ਬੈਠਕਾਂ ਕਰਨ ਦੇ ਇਲਜ਼ਾਮ ਲੱਗੇ ਹਨ। ਬੀਤੇ ਦਿਨੀਂ ਦੀਪ ਸਿੱਧੂ ਜੈਤੋ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਜੈਤੋ ਦੇ ਗੁਰਦੁਆਰਾ ਜੈਤੇਆਣਾ ਸਾਹਿਬ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਬਾਅਦ ਜੈਤੋ ਪੁਲਿਸ ਨੇ ਦੀਪ ਸਿੱਧੂ ਖ਼ਿਲਾਫ਼ ਮਹਾਂਮਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਦੀਪ ਸਿੱਧੂ ਨੇ ਜੈਤੋ ਦੇ ਗੁਰਦੁਆਰਾ ਜੈਤੋਆਣਾ ਸਾਹਿਬ ਅਤੇ ਪਿੰਡ ਮੱਤਾ ਵਿਖੇ ਭਾਸ਼ਣ ਦਿੱਤਾ ਸੀ, ਜਿਸ ਕਰਕੇ ਲੋਕਾਂ ਦਾ ਭਾਰੀ ਇਕੱਠ ਹੋਇਆ। ਇਸ ਦੌਰਾਨ ਦੀਪ ਸਿੱਧੂ ਨੇ ਮਾਸਕ ਵੀ ਨਹੀਂ ਪਹਿਨਿਆ ਸੀ। ਲੋਕਾਂ ਦੇ ਇਕੱਠ ਕਾਰਨ ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਵੱਲੋਂ ਜਾਰੀ ਕੀਤੇ ਗਏ ਕਰੋਨਾ ਹੁਕਮਾਂ ਦੀ ਉਲੰਘਣਾ ਹੋਈ ਸੀ।
ਦਰਅਸਲ, ਲਾਲ ਕਿਲ੍ਹਾ ਮਾਮਲੇ ‘ਚੋਂ ਜ਼ਮਾਨਤ ਮਿਲਣ ਤੋਂ ਬਾਅਦ ਦੀਪ ਸਿੱਧੂ ਕਿਸਾਨੀ ਅੰਦੋਲਨ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਲਗਾਤਾਰ ਬੈਠਕਾਂ ਕਰ ਰਹੇ ਹਨ। ਦੀਪ ਸਿੱਧੂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਦੌਰਾ ਕਰਕੇ ਲੋਕਾਂ ਨੂੰ ਕਿਸਾਨ ਅੰਦੋਲਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਦੀਪ ਸਿੱਧੂ ਨੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਦਾਅਵਾ ਕੀਤਾ ਹੈ।