‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਸੁਰਜੀਤ ਜਿਆਣੀ ਨੇ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਬਾਰੇ ਬੋਲਦਿਆਂ ਕਿਹਾ ਕਿ ‘ਸਿਰਫ ਕਿਸਾਨੀ ਅੰਦੋਲਨ ਨੂੰ ਕਰੋਨਾ ਦੇ ਫੈਲਾਅ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਸਿਆਸੀ ਲੀਡਰ ਵੀ ਕਈ ਰੈਲੀਆਂ ਕਰਦੇ ਹਨ, ਉਨ੍ਹਾਂ ਕਰਕੇ ਵੀ ਕਰੋਨਾ ਫੈਲਦਾ ਹੈ। ਪਰ ਪਿੰਡਾਂ ਵਿੱਚ ਆਵਾਜਾਈ ਕਿਸਾਨਾਂ ਦੀ ਹੀ ਹੈ। ਪਰ ਕਰੋਨਾ ਫੈਲਾਅ ਲਈ ਸਿਰਫ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਣਾ ਉਚਿੱਤ ਨਹੀਂ ਹੈ। ਕਰੋਨਾ ਮਹਾਂਮਾਰੀ ਦੌਰਾਨ ਸਾਨੂੰ ਸਾਰਿਆਂ ਨੂੰ ਆਪਣਾ ਖਿਆਲ ਰੱਖਣਾ ਹੋਵੇਗਾ। ਕਿਸਾਨਾਂ ਦੇ ਮਨਾਂ ਵਿੱਚ ਹੁਣ ਬਸ ਇਹ ਗੱਲ ਆ ਗਈ ਹੈ ਕਿ ਬੀਜੇਪੀ ਜੋ ਵੀ ਬਿਆਨ ਦਿੰਦੀ ਹੈ, ਉਹ ਉਨ੍ਹਾਂ ਦੇ ਖਿਲਾਫ ਹੈ। ਪਰ ਸਰਕਾਰ ਦੀ ਇਸ ਤਰ੍ਹਾਂ ਦੀ ਕੋਈ ਨੀਤੀ ਨਹੀਂ ਹੈ। ਸਰਕਾਰ ਨੂੰ ਤਾਂ ਲੋਕ ਬਣਾਉਂਦੇ ਹਨ ਤਾਂ ਫਿਰ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਕਰਦੀ ਹੈ’।
ਉਨ੍ਹਾਂ ਕਿਹਾ ਕਿ ‘ਪਹਿਲਾਂ ਅਸੀਂ ਇਹ ਸਮਝੀਏ ਕਿ ਕਾਨੂੰਨ ਵਿੱਚ ਕਾਲਾ ਕੀ ਹੈ। ਕਿਸਾਨ ਗਲਤ ਹੈ, ਖਾਸ ਕਰਕੇ ਜੱਟ ਆਪਣੀ ਅੜੀ ‘ਤੇ ਆ ਜਾਂਦੇ ਹਨ। ਕਿਸਾਨ ਵੀ ਹੁਣ ਅੜੀ ‘ਤੇ ਆ ਗਏ ਹਨ। ਉਨ੍ਹਾਂ ਨੂੰ ਹੁਣ ਕੋਈ ਫਾਇਦਾ-ਨੁਕਸਾਨ ਨਹੀਂ ਦਿਖ ਰਿਹਾ। ਜਿਆਣੀ ਨੇ ਕਿਹਾ ਕਿ ਉਹ ਪੰਜ-ਸੱਤ ਦਿਨਾਂ ਵਿੱਚ ਕਿਸਾਨਾਂ ਦੀ ਸਰਕਾਰ ਦੇ ਨਾਲ ਮੀਟਿੰਗ ਰਖਵਾ ਦੇਣਗੇ। ਉਨ੍ਹਾਂ ਕਿਹਾ ਕਿ ਉਹ 10 ਤੋਂ 15 ਕਿਸਾਨ ਲੀਡਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਵਾ ਸਕਦੇ ਹਨ’।