India Punjab

ਕਿਸਾਨਾਂ ਵੱਲੋਂ ਹਿਸਾਰ ਕਮਿਸ਼ਨਰੇਟ ਦਾ ਘਿਰਾਓ ਕਰਨ ਦੀ ਪੂਰੀ ਤਿਆਰੀ, ਵੱਡੇ ਐਕਸ਼ਨਾਂ ਦੀ ਘੜੀ ਰਣਨੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਹਿਸਾਰ ਵਿੱਚ 24 ਮਈ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਹਿਸਾਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਕੀਤੇ ਗਏ ਲਾਠੀਚਾਰਜ ਖਿਲਾਫ ਇਹ ਐਲਾਨ ਕੀਤਾ ਹੈ। ਲਾਠੀਚਾਰਜ ਵਿੱਚ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਸਨ ਅਤੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਕਿਸਾਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਖਿਲਾਫ ਕੋਈ ਕੇਸ ਦਰਜ ਨਾ ਕਰਨ ਦਾ ਫੈਸਲਾ ਲਿਆ ਸੀ। ਬਾਅਦ ਵਿੱਚ ਪੁਲਿਸ ਨੇ 350 ਤੋਂ ਵੱਧ ਕਿਸਾਨਾਂ ਖਿਲਾਫ ਪੁਲਿਸ ਕੇਸ ਦਰਜ ਕੀਤੇ ਸਨ। ਕਿਸਾਨਾਂ ਨੇ ਕਿਹਾ ਕਿ ਮਨੋਹਰ ਲਾਲ ਨੇ ਉਸ ਦਿਨ ਕਰੋਨਾ ਨਿਯਮਾਂ ਦੀ ਉਲੰਘਣਾ ਕਰਦਿਆਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।

ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ 24 ਮਈ ਨੂੰ ਹਿਸਾਰ ਕਮਿਸ਼ਨਰੇਟ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਸਾਰੇ ਕਿਸਾਨ ਸਵੇਰੇ 10 ਵਜੇ ਕ੍ਰਾਂਤੀਮਾਨ ਪਾਰਕ ਵਿੱਚ ਇਕੱਠੇ ਹੋਣਗੇ। ਕਿਸਾਨ ਲੀਡਰਾਂ ਨੇ ਆਸ-ਪਾਸ ਦੇ ਸਾਰੇ ਕਿਸਾਨਾਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਕਿਸਾਨਾਂ ਨੇ ਹਿਸਾਰ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਅਣਮਨੁੱਖੀ ਲਾਠੀਚਾਰਜ ਕਰਨ ਵਾਲੇ, ਅੱਥਰੂ ਗੈਸ ਅਤੇ ਪੱਥਰਬਾਜ਼ੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦਿਆਂ ਉਸ ਖਿਲਾਫ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ।

ਕਿਸਾਨਾਂ ਵੱਲੋਂ ਇਹ ਦਿਨ “ਬੁੱਧ ਪੂਰਨਿਮਾ” ਵਜੋਂ ਵੀ ਮਨਾਇਆ ਜਾਂਦਾ ਹੈ। ਭਗਵਾਨ ਬੁੱਧ, ਨਿਰਵਾਣ ਅਤੇ ਪਰਿਣੀਰਵਣ ਦੇ ਜਨਮ ਉਤਸਵ ‘ਤੇ ਕਿਸਾਨ ਲੀਡਰਾਂ ਨੇ ਬੁੱਧ ਪੁਰਨਿਮਾ ਇਸ ਦਿਨ ਸਾਰੇ ਕਿਸਾਨ ਮੋਰਚਿਆਂ ‘ਤੇ ਆਪਣੇ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ।

ਕਿਸਾਨ ਅੰਦੋਲਨ ਦੇ 6 ਮਹੀਨੇ ਅਤੇ ਮੋਦੀ ਸਰਕਾਰ ਨੂੰ 7 ਸਾਲ ਪੂਰੇ ਹੋਣ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਮੋਦੀ ਸਰਕਾਰ ਦੇ ਵਿਰੋਧ ਵਜੋਂ 26 ਮਈ ਨੂੰ ਵਿਰੋਧ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਇਸ ਦਿਨ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਘਰਾਂ, ਦੁਕਾਨਾਂ, ਵਾਹਨਾਂ ‘ਤੇ ਕਾਲੇ ਝੰਡੇ ਲਾਉਣ ਅਤੇ ਮੋਦੀ ਸਰਕਾਰ ਦੇ ਪੁਤਲੇ ਸਾੜਣ ਦੀ ਅਪੀਲ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਟ੍ਰੇਡ ਯੂਨੀਅਨਾਂ, ਵਿਦਿਆਰਥੀ ਜਥੇਬੰਦੀਆਂ ਅਤੇ ਦੇਸ਼ ਦੀਆਂ ਕਈ ਲੋਕਪੱਖੀ ਜਥੇਬੰਦੀਆਂ ਇਸ ਮੁਹਿੰਮ ਦਾ ਖੁੱਲ੍ਹ ਕੇ ਸਮਰਥਨ ਕਰ ਰਹੀਆਂ ਹਨ। 

ਕਿਸਾਨ ਲੀਡਰਾਂ ਨੇ ਸ਼ਹੀਦ ਭਗਤ ਸਿੰਘ ਦੇ ਭਰਾ ਕੁਲਬੀਰ ਸਿੰਘ ਦੇ ਬੇਟੇ ਅਭੈ ਸਿੰਘ ਸੰਧੂ ਦੀ ਕੁੱਝ ਦਿਨ ਪਹਿਲਾਂ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੂੰ ”ਪਗੜੀ ਸੰਭਾਲ ਦਿਵਸ” ਮੌਕੇ ਸੰਯੁਕਤ ਕਿਸਾਨ ਮੋਰਚਾ ਨੇ ਸਨਮਾਨਿਤ ਕੀਤਾ ਸੀ। ਕਿਸਾਨ ਲੀਡਰਾਂ ਨੇ ਕਿਹਾ ਕਿ ਕੱਲ੍ਹ ਮੁਹਾਲੀ ਵਿੱਚ ਉਹਨਾਂ ਲਈ ਅੰਤਿਮ ਅਰਦਾਸ ਹੋਵੇਗੀ ਅਤੇ ਦਿੱਲੀ ਸਮੇਤ ਪੰਜਾਬ, ਹਰਿਆਣਾ ਦੇ ਕਿਸਾਨ ਮੋਰਚਿਆਂ ‘ਚ ਕਿਸਾਨ ਉਹਨਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕਰਨਗੇ।