India International

ਭਾਰਤ-ਪਾਕਿਸਤਾਨ ਤੋਂ ਉਡਾਣਾਂ ਨਹੀਂ ਜਾਣਗੀਆਂ ਕੈਨੇਡਾ, ਕਰਨਾ ਹੋਵੇਗਾ ਹੋਰ ਇੰਤਜ਼ਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਨੇ ਭਾਰਤੀ ਅਤੇ ਪਾਕਿਸਤਾਨੀ ਉਡਾਣਾਂ ‘ਤੇ 21 ਜੂਨ ਤੱਕ ਪਾਬੰਦੀ ਵਧਾ ਦਿੱਤੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਇਸ ਦਾ ਐਲਾਨ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਉਡਾਣਾਂ ‘ਤੇ ਪਹਿਲਾਂ 30 ਦਿਨਾਂ ਦੀ ਲਾਈ ਗਈ ਪਾਬੰਦੀ ਅੱਜ ਖਤਮ ਹੋਣ ਵਾਲੀ ਸੀ, ਪਰ ਹੁਣ ਇਹ ਪਾਬੰਦੀ 21 ਜੂਨ ਤੱਕ ਵਧਾ ਦਿੱਤੀ ਗਈ ਹੈ।

ਉਮਰ ਅਲਘਾਬਰਾ ਨੇ ਕੈਨੇਡਾ ਦੀ ਹਫਤਾਵਾਰੀ ਪਬਲਿਕ ਹੈਲਥ ਏਜੰਸੀ ਦੀ ਪ੍ਰੈਸ ਕਾਨਫਰੰਸ ਦੌਰਾਨ ਅਸਲ ਪਾਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਇਸ ਵਾਧੇ ਦਾ ਐਲਾਨ ਕੀਤਾ ਹੈ। ਮੰਤਰੀ ਨੇ ਕਿਹਾ ਕਿ, “ਭਾਰਤ ਅਤੇ ਪਾਕਿਸਤਾਨ ਤੋਂ ਸਿੱਧੀ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਅਲਘਾਬਰਾ ਨੇ ਕਿਹਾ ਕਿ ” ਪਾਬੰਦੀਆਂ ਲਾਉਣ ਮਗਰੋਂ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਿੱਚ ਮਹੱਤਪੂਰਨ ਗਿਰਾਵਟ ਆਈ ਹੈ।”

ਉਮਰ ਅਲਘਬਰਾ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਬੀ-1617 ਵੈਰੀਐਂਟ ਵਾਲੇ ਵਾਇਰਸ ਦਾ ਪ੍ਰਕੋਪ ਬਿਲਕੁਲ ਨਹੀਂ ਘਟਿਆ, ਜਿਸ ਨੂੰ ਵੇਖਦਿਆਂ ਦੋਵਾਂ ਮੁਲਕਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਜੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਕਿਸੇ ਤੀਜੇ ਮੁਲਕ ਤੋਂ ਕੈਨੇਡਾ ਦੀ ਉਡਾਣ ‘ਤੇ ਚੜ੍ਹਦੇ ਹਨ ਤਾਂ ਉਨ੍ਹਾਂ ਵਾਸਤੇ ਸਖ਼ਤ ਮਾਪਦੰਡ ਲਾਗੂ ਕੀਤੇ ਗਏ ਹਨ।