Punjab

‘ਆਪ’ ਨੇ ਪੰਜਾਬ ਸਰਕਾਰ ਲਈ ਸੜਕ ‘ਤੇ ਮੰਗੀ ਭੀਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਨੇ ਦਰੱਖਤਾਂ ਨੂੰ ਬਚਾਉਣ ਲਈ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਹੈ। ‘ਆਪ’ ਵਰਕਰਾਂ ਨੇ ਦਰੱਖਤਾਂ ਨੂੰ ਬਚਾਉਣ ਲਈ ਕਟੋਰੇ ਫੜ੍ਹ ਕੇ ਭੀਖ ਮੰਗੀ ਹੈ।

‘ਆਪ’ ਨੇ ਕਿਹਾ ਕਿ ਉਹ ਭੀਖ ਨਾਲ 67 ਲੱਖ ਰੁਪਏ ਇਕੱਠਾ ਕਰਨਗੇ। ਇਹ ਪੈਸੇ ਇਕੱਠੇ ਕਰਕੇ ਉਹ ਪੰਜਾਬ ਸਰਕਾਰ ਨੂੰ ਭੇਜਣਗੇ। ਦਰਅਸਲ, ਸ਼ੂਗਰ ਮਿੱਲਾਂ ਵੱਲੋਂ ਦਰੱਖਤ ਕੱਟੇ ਜਾ ਰਹੇ ਹਨ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ‘ਫਰੀਦਕੋਟ ਵਿੱਚ ਲੱਖਾਂ ਦਰੱਖਤ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕੁੱਝ ਦਰੱਖਤ ਪੁੱਟੇ ਗਏ ਹਨ। ਸਿਰਫ ਥੋੜ੍ਹੇ ਜਿਹੇ ਦਰੱਖਤ ਹੀ ਬਚੇ ਹਨ, ਇਸ ਲਈ ਉਨ੍ਹਾਂ ਨੂੰ ਬਚਾਉਣ ਲਈ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋੜਾਂ-ਅਰਬਾਂ ਰੁਪਏ ਦੀ ਆਕਸੀਜਨ ਦੇਣ ਵਾਲੇ ਦਰੱਖਤਾਂ ਨੂੰ ਸਿਰਫ 67 ਲੱਖ ਰੁਪਏ ਵਿੱਚ ਵੇਚ ਦਿੱਤਾ। ਉਹ 67 ਲੱਖ ਰੁਪਏ ਅਸੀਂ ਆਪਣੇ ਲੋਕਾਂ ਤੋਂ ਮੰਗ ਕੇ ਕੈਪਟਨ ਨੂੰ ਦੇਵਾਂਗੇ’।