‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਸਿਰਸਾ ਦੇ ਕਾਤਲ ਅਤੇ ਬਲਾਤਕਾਰੀ ਮੁਖੀ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਵਿੱਚ ਪੈਰੋਲ ਮਿਲਣ ‘ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ‘ਗੁਰਮੀਤ ਰਾਮ ਰਹੀਮ ਇੱਕ ਕਾਤਲ ਅਤੇ ਕੁਕਰਮੀ ਹੈ। ਕਤਲ ਮਾਮਲੇ ਵਿੱਚ ਉਸਨੂੰ ਮਰਨ ਤੱਕ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ। ਇਹ ਬਹੁਤ ਖਤਰਨਾਕ ਕਿਸਮ ਦਾ ਅਪਰਾਧੀ ਹੈ, ਇਸਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ। ਅਸੀਂ ਉਸਦਾ ਵਿਰੋਧ ਕੀਤਾ ਸੀ ਜਦੋਂ ਉਸਨੇ 21 ਦਿਨਾਂ ਲਈ ਪੈਰੋਲ ਮੰਗੀ ਸੀ। ਜੇਕਰ ਉਹ ਸਿਰਸਾ ਪਹੁੰਚਦਾ ਹੈ ਤਾਂ ਉਹ ਕੇਸਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਉਸਦੀ ਪੈਰੋਲ ਨਾਲ ਕਾਨੂੰਨ ਦੇ ਨਾਲ ਛੇੜ-ਛਾੜ ਕਰਨ ਦੀ ਸਮੱਸਿਆ ਹੋ ਸਕਦੀ ਹੈ। ਉਹ ਗਵਾਹਾਂ ਦਾ ਕਤਲ ਵੀ ਕਰ ਸਕਦਾ ਹੈ। ਰਾਮ ਰਹੀਮ ਬਹੁਤ ਚਲਾਕ ਕਿਸਮ ਦਾ ਆਦਮੀ ਹੈ। ਹਰਿਆਣਾ ਵਿੱਚ ਉਸਦੇ ਭਗਤ ਬੈਠੇ ਹੋਏ ਹਨ, ਉਹ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਖਤਰਨਾਕ ਕਿਸਮ ਦਾ ਅਪਰਾਧੀ ਹੈ, ਇਸ ਲਈ ਸਰਕਾਰ ਨੂੰ ਉਸਦੇ ਖਿਲਾਫ ਸਖਤ ਸਟੈਂਡ ਲੈਣਾ ਚਾਹੀਦਾ ਹੈ’।
ਦਾਦੂਵਾਲ ਨੇ ਰਾਮ ਰਹੀਮ ਦੀ ਮਾਂ ਦੀ ਸਿਹਤ ਬਾਰੇ ਗੱਲ ਕਰਦਿਆਂ ਕਿਹਾ ਕਿ ‘ਰਾਮ ਰਹੀਮ ਨੇ ਕਿੰਨੀਆਂ ਮਾਂਵਾਂ ਦੀ ਸਿਹਤ ਖਰਾਬ ਕੀਤੀ ਹੈ, ਕਿੰਨੀਆਂ ਮਾਂਵਾਂ ਦੇ ਪੁੱਤ ਕਤਲ ਕੀਤੇ ਹਨ, ਕਿੰਨੀਆਂ ਭੈਣਾਂ ਦੇ ਨਾਲ ਉਸਨੇ ਬਲਾਤਕਾਰ ਕੀਤਾ ਹੈ। ਅਸੀਂ ਰਾਮ ਰਹੀਮ ਦੀ ਮਾਤਾ ਨਾਲ ਇਨਸਾਨੀਅਤ ਦੇ ਨਾਤੇ ਹਮਦਰਦੀ ਜ਼ਰੂਰ ਰੱਖਦੇ ਹਾਂ ਕਿ ਉਸਨੂੰ ਪੁੱਤਰ ਦਾ ਪਿਆਰ ਚਾਹੀਦਾ ਹੈ ਪਰ ਉਸਦੀ ਮਾਤਾ ਨੂੰ ਜੇਲ੍ਹ ਵਿੱਚ ਲਿਜਾ ਕੇ ਵੀ ਮਿਲਾਇਆ ਜਾ ਸਕਦਾ ਸੀ। ਰਾਮ ਰਹੀਮ 48 ਘੰਟੇ ਬਾਹਰ ਰਹੇਗਾ ਤਾਂ 48 ਘੰਟੇ ਪਤਾ ਨਹੀਂ ਇਹ ਕਿਹੜੀਆਂ ਸਾਜਿਸ਼ਾਂ ਕਰਕੇ ਅੰਦਰ ਜਾਵੇਗਾ। ਪਤਾ ਨਹੀਂ, ਇਹ ਕਿੰਨੇ ਕਤਲਾਂ ਦੀਆਂ ਸਾਜਿਸ਼ਾਂ ਬਣਾਏਗਾ’।