Punjab

ਮੁਹਾਲੀ ਨੂੰ ਜਲਦ ਮਿਲੇਗਾ 80 ਬੈੱਡਾਂ ਵਾਲਾ ਆਰਜ਼ੀ ਕੋਵਿਡ ਹਸਪਤਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ 24 ਘੰਟਿਆਂ ਵਿੱਚ ਮੁਹਾਲੀ ਵਿੱਚ 80 ਬੈੱਡਾਂ ਵਾਲਾ ਆਰਜ਼ੀ ਕੋਵਿਡ ਹਸਪਤਾਲ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਮੁਹਾਲੀ ਵਿੱਚ ਇੱਕ 80 ਬੈੱਡਾਂ ਵਾਲੇ ਆਰਜ਼ੀ ਹਸਪਤਾਲ ਦਾ ਤੁਰੰਤ ਨਿਰਮਾਣ ਸ਼ੁਰੂ ਕਰਨ ਲਈ ਇਸ ਤਰ੍ਹਾਂ ਦੀ ਪਹਿਲੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ। ਇਨਵੈਸਟ ਪੰਜਾਬ ਦੇ  ਸੀ.ਈ.ਓ. ਰਜਤ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਨਵੈਸਟ ਪੰਜਾਬ ਨੇ ਸਾਰੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਪ੍ਰਾਜੈਕਟ ਨੂੰ ਤੁਰੰਤ ਪ੍ਰਵਾਨਗੀ ਦਿੱਤੀ ਹੈ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਮਨਜ਼ੂਰੀ ਦੇਣ ਲਈ ਲੋੜੀਂਦੇ ਐੱਨ.ਓ.ਸੀ. ਸਿਹਤ ਵਿਭਾਗ ਨੂੰ ਉਪਲੱਬਧ ਕਰਵਾਏ ਗਏ ਹਨ।

ਕੋਵਿਡ ਸੰਕਟ ਨਾਲ ਨਜਿੱਠਣ ਲਈ ਸਾਰੇ ਵਿਭਾਗ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਹਰ ਐੱਨ.ਓ.ਸੀ. ਨੂੰ ਪਹਿਲ ਦੇ ਅਧਾਰ ’ਤੇ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਰਜ਼ੀ ਕੋਵਿਡ ਹਸਪਤਾਲ ਖੋਲ੍ਹਣ ਦਾ ਇੱਛੁਕ ਕੋਈ ਵੀ ਵਿਅਕਤੀ / ਸਮੂਹ ਨਿਰਦੇਸ਼ਾਂ ਅਤੇ ਲੋੜੀਂਦੀਆਂ ਸਹੂਲਤਾਂ ਲਈ ਨਿਵੇਸ਼ ਪੰਜਾਬ ਕੋਲ ਪਹੁੰਚ ਸਕਦਾ ਹੈ।