India

ਬਲੈਕ ਫੰਗਸ ਦੀ ਬੀਮਾਰੀ ‘ਤੇ ਕੇਂਦਰ ਦੀਆਂ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਆ ਗਈਆਂ ਨਵੀਆਂ ਹਦਾਇਤਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਬਲੈਕ ਫੰਗਸ ਜਾਂ ਮਿਊਕਰਮਾਇਕੋਸਿਸ ਰੋਗ ਨੂੰ ਮਹਾਂਮਾਰੀ ਤਹਿਤ ਨੋਟੀਫਾਈਏਬਲ ਡਿਸੀਜ ਦਾ ਦਰਜਾ ਦਿੱਤਾ ਗਿਆ ਹੈ। ਇਸਦੇ ਅਨੁਸਾਰ ਸਾਰੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਨੂੰ ਇਸ ਰੋਗ ਦੀ ਜਾਂਚ ਅਤੇ ਇਲਾਜ ਲਈ ਸਿਹਤ ਮੰਤਰਾਲੇ ਅਤੇ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਦੇ ਨਿਰਦੇਸ਼ਾਂ ਦੀ ਪਾਲਣ ਕਰਨੀ ਹੋਵੇਗੀ।


ਸਰਕਾਰ ਨੇ ਨਿਰਦੇਸ਼ ਦਿਤੇ ਹਨ ਕਿ ਸਾਰੇ ਇਸ ਬਿਮਾਰੀ ਦੇ ਸ਼ੱਕੀ ਮਾਮਲਿਆਂ ਤੇ ਪੁਸ਼ਟੀ ਹੋਏ ਰੋਗ ਦੀ ਰਿਪੋਰਟ ਜਿਲ੍ਹਾ ਪੱਧਰ ਦੇ ਮੁੱਖ ਮੈਡੀਕਲ ਅਫਸਰਾਂ ਜਰਿਏ ਸਿਹਤ ਵਿਭਾਗ ਅਤੇ ਇੰਟੀਗ੍ਰੇਟਿਡ ਡਿਸੀਜ ਸਰਵਿਲਾਂਸ ਪ੍ਰੋਗਰਾਮ ਤਹਿਤ ਚਲਾਏ ਜਾ ਰਹੇ ਸਰਵਿਲਾਂਸ ਸਿਸਟਮ ਨੂੰ ਭੇਜੀ ਜਾਵੇ। ਮੰਤਰਾਲੇ ਨੇ ਕਿਹਾ ਕਿ ਇਸ ਲਾਗ ਦੀ ਵਜ੍ਹਾ ਕਾਰਨ ਕੋਵਿਡ ਮਰੀਜਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ।


ਮੰਤਰਾਲੇ ਨੇ ਇਕ ਚਿੱਠੀ ਵੀ ਜਾਰੀ ਕੀਤੀ ਹੈ, ਜਿਸ ਵਿਚ ਕਿਹਾ ਹੈ ਕਿ ਫੰਗਲ ਇੰਨਫੈਕਸ਼ਨ ਦੇ ਰੂਪ ਵਿਚ ਨਵੀਂ ਚੁਣੌਤੀ ਹੈ। ਕਈ ਸੂਬਿਆਂ ਤੋਂ ਕੋਵਿਡ ਦੇ ਮਰੀਜਾਂ ਖਾਸਕਰ ਜੋ ਲੋਕ ਸਟੇਰਾਇਡ ਥੈਰੇਪੀ ‘ਤੇ ਹਨ ਅਤੇ ਜਿਨ੍ਹਾਂ ਦਾ ਸ਼ੂਗਰ ਲੈਵਲ ਵਿਗੜਿਆ ਹੋਇਆ ਹੈ, ਉਨ੍ਹਾਂ ਵਿਚ ਇਹ ਮਾਮਲੇ ਦੇਖੇ ਗਏ ਹਨ।


ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਚਿੱਠੀ ਵਿਚ ਲਿਖਿਆ ਹੈ ਕਿ ਇਸ ਫੰਗਲ ਇੰਨਫੈਕਸ਼ਨ ਦੇ ਇਲਾਜ ਵਿਚ ਕਈ ਤਰ੍ਹਾਂ ਦੇ ਮੈਡੀਕਲ ਮਾਹਿਰਾਂ, ਜਿਵੇਂ ਕਿ ਅੱਖ ਦੇ ਸਰਜਨ, ਨਿਊਰੋਸਰਜਨ, ਜਨਰਲ ਸਰਜਨ, ਡੈਂਟਲ ਸਰਜਨ ਅਤੇ ਈਐਨਟੀ ਮਾਹਿਰ ਸ਼ਾਮਿਲ ਕਰਨੇ ਪੈਂਦੇ ਹਨ। ਇਸਦੇ ਇਲ਼ਾਜ ਵਿਚ ਐਂਟੀ ਫੰਗਲ ਮੈਡੀਸਿਨ ਐਮਫੋਟੇਰੇਸਿਨ ਬੀ ਇੰਜੈਕਸ਼ਨ ਦੀ ਲੋੜ ਪੈਂਦੀ ਹੈ।