Punjab

ਬਠਿੰਡਾ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਰਾਮ ਰਹੀਮ ਤੇ ਮੋਦੀ ਦੇ ਸੁਪਨੇ ਪੂਰੇ ਕਰਨ ਲਈ ਹੋਈ ਅਰਦਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਡੇਰਾ ਸਿਰਸਾ ਦੇ ਬਲਾਤਕਾਰੀ ਅਤੇ ਕਾਤਲ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਪੂਰੇ ਕਰਨ ਲਈ ਅਰਦਾਸ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਅਰਦਾਸ ਪਿੰਡ ਬੀੜ ਤਲਾਬ ਦੇ ਨਿਵਾਸੀ ਗੁਰਮੇਲ ਸਿੰਘ ਵੱਲੋਂ ਕੀਤੀ ਗਈ ਹੈ। ਇਸ ਮੌਕੇ ਪਿੰਡ ਦੀਆਂ ਔਰਤਾਂ ਵੀ ਹਾਜ਼ਰ ਸਨ। ਗੁਰਮੇਲ ਸਿੰਘ ਆਪਣੇ-ਆਪ ਨੂੰ ਤਿੰਨ ਪਿੰਡਾਂ ਦਾ ਸਰਪੰਚ ਦੱਸਦਾ ਹੈ। ਜਾਣਕਾਰੀ ਮੁਤਾਬਕ ਗੁਰਮੇਲ ਸਿੰਘ ਦੀ ਪਤਨੀ ਰਾਜਪਾਲ ਕੌਰ ਪਿੰਡ ਦੀ ਸਰਪੰਚ ਹੈ।

ਉਨ੍ਹਾਂ ਨੇ ਦੱਸਿਆ ਕਿ ਮੋਦੀ ਵੱਲੋਂ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਰਦਾਸ ਕੀਤੀ ਗਈ ਹੈ। ਉਸ ਨੇ ਕਿਹਾ ਕਿ ਮੋਦੀ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਸ ਨੂੰ ਫਸਾਇਆ ਗਿਆ ਹੈ। ਉਸ ਨੇ ਮੋਦੀ ਨੂੰ ਫਸਾਉਣ ਪਿੱਛੇ ਇੱਕ ਵੱਡੇ ਅਕਾਲੀ ਲੀਡਰ ਦਾ ਵੀ ਨਾਮ ਲਿਆ। ਉਸ ਨੇ ਕਿਹਾ ਕਿ ਇਹ ਅਰਦਾਸ ਕਿਸੇ ਦਬਾਅ ਹੇਠ ਨਹੀਂ ਕੀਤੀ ਗਈ ਬਲਕਿ ਖਾਲਸਾ ਕਿਸੇ ਤੋਂ ਡਰਦਾ ਨਹੀਂ ਹੈ। ਦਰਅਸਲ, ਭਾਜਪਾ ਨੇ ਪੰਜਾਬ ਵਿੱਚ ਕਿਸੇ ਦਲਿਤ ਲੀਡਰ ਨੂੰ ਅਗਲੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਵਕਾਲਤ ਕੀਤੀ ਹੈ।

ਕੀ ਅਰਦਾਸ ਕੀਤੀ ਗਈ ?

ਗੁਰਮੇਲ ਸਿੰਘ ਨੇ ਅਰਦਾਸ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਵਾਲੀ ਸਾਖੀ ਦਾ ਹਵਾਲਾ ਦੇ ਕੇ ਡੇਰਾ ਸਿਰਸਾ ਦੇ ਕਾਤਲ ਅਤੇ ਬਲਾਤਕਾਰੀ ਮੁਖੀ ਰਾਮ ਰਹੀਮ ਦੇ ਸੁਨਾਰੀਆ ਜੇਲ੍ਹ ਵਿੱਚੋਂ ਜਲਦ ਰਿਹਾਅ ਹੋਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਡੇਰੇ ਜਾ ਕੇ ਵੇਖਿਆ ਹੈ, ਸਾਨੂੰ ਉੱਥੇ ਕੋਈ ਵੀ ਮਾੜਾ ਕੰਮ ਨਹੀਂ ਲੱਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ‘ਤੇ ਹੱਥ ਰੱਖ ਕੇ ਰਾਮ ਰਹੀਮ ਨੂੰ ਰਿਹਾਅ ਕਰਵਾਇਆ ਜਾਵੇ।