Punjab

ਕਰੋਨਾ ਮਰੀਜ਼ਾਂ ਨੂੰ ਬਚਾਉਣ ਵਾਲੇ ਡਾਕਟਰ ਦੀ ਕਰੋਨਾ ਨੇ ਲਈ ਜਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਕਰੋਨਾ ਮਰੀਜ਼ਾਂ ਦੀਆਂ ਮੌਤਾਂ ਦਾ ਵੱਡਾ ਅੰਕੜਾ ਸਾਹਮਣੇ ਆਇਆ ਹੈ। ਇਸ ਲਈ ਰਾਜਿੰਦਰਾ ਹਸਪਤਾਲ ਦੇ ਇੱਕ ਪੂਰੇ ਵਾਰਡ ਨੂੰ ਫੌਜ ਦੇ ਹਵਾਲੇ ਕੀਤਾ ਗਿਆ ਸੀ। ਕਰੋਨਾ ਮਹਾਂਮਾਰੀ ਕਰਕੇ ਰਾਜਿੰਦਰਾ ਹਸਪਤਾਲ ਦੇ 37 ਸਾਲਾ ਡਾਕਟਰ ਰਾਜਨ ਕੁਮਾਰ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਇੱਕ ਮਹੀਨਾ ਪਹਿਲਾਂ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਪਹਿਲਾਂ ਤਾਂ ਉਨ੍ਹਾਂ ਦਾ ਰਾਜਿੰਦਰਾ ਹਸਪਤਾਲ ਵਿੱਚ ਹੀ ਇਲਾਜ ਚੱਲਦਾ ਰਿਹਾ। ਬਾਅਦ ਵਿੱਚ ਉਨ੍ਹਾਂ ਨੂੰ 30 ਅਪ੍ਰੈਲ ਨੂੰ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਕਿਹਾ ਕਿ ਕਰੋਨਾ ਕਾਰਨ ਡਾ. ਰਾਜਨ ਦੇ ਫੇਫੜੇ ਖਰਾਬ ਹੋ ਗਏ ਸਨ, ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਏ। ਡਾ. ਰਾਜਨ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਖੇਤਰ ਦੇ ਰਹਿਣ ਵਾਲੇ ਸੀ। ਡਾਕਟਰ ਰਾਜਨ ਕੁਮਾਰ ਰਾਜਿੰਦਰਾ ਹਸਪਤਾਲ ਵਿੱਚ ਸਰਜਰੀ ਵਿਭਾਗ ਵਿੱਚ ਕੰਮ ਕਰਦੇ ਸਨ।