Punjab

ਕੈਪਟਨ ਦੇ ਇਸ ਮੰਤਰੀ ਨੇ ਆਪਣੇ ਅਸੂਲਾਂ ਨੂੰ ਦਿੱਤੀ ਪਹਿਲ, ਚੁੱਕੇ ਕੈਪਟਨ ‘ਤੇ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ‘ਜੇ ਕੈਪਟਨ ਨੂੰ ਸਿੱਧੂ ਦੇ ਕੇਸਾਂ ਦਾ ਪਤਾ ਸੀ ਤਾਂ ਸਿੱਧੂ ਨੂੰ ਮੰਤਰੀ ਹੀ ਨਹੀਂ ਬਣਾਉਣਾ ਚਾਹੀਦਾ ਸੀ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦਾ ਕੈਪਟਨ ਨਾਲ ਕੋਈ ਵੀ ਗੁੱਸਾ ਨਹੀਂ ਹੈ, ਮੈਂ ਅੱਜ ਵੀ ਕੈਪਟਨ ਦੇ ਨਾਲ ਖੜ੍ਹਾ ਹਾਂ, ਪਰ ਮੇਰੇ ਲਈ ਮੇਰੇ ਅਸੂਲ ਜ਼ਿਆਦਾ ਵੱਡੇ ਹਨ। ਗੁਰੂ ਸਾਹਿਬ ਜੀ ਦੀ ਬੇਅਦਬੀ ‘ਤੇ ਮੈਂ ਚੁੱਪ ਨਹੀਂ ਰਹਿ ਸਕਦਾ। ਮੈਂ ਲੋਕਾਂ ਨੂੰ ਜਵਾਬ ਦੇਣਾ ਹੈ। ਬੇਅਦਬੀ ਮਾਮਲੇ ਲਈ ਨਵੀਂ ਐੱਸਆਈਟੀ ਵੀ ਬਣਾਈ ਗਈ ਹੈ ਪਰ ਹਾਲੇ ਤੱਕ ਇਨਸਾਫ ਕਿਉਂ ਨਹੀਂ ਕੀਤਾ ਗਿਆ।

ਰੰਧਾਵਾ ਨੇ ਕਿਹਾ ਕਿ ਉਹ ਨਸ਼ਿਆਂ ਅਤੇ ਬੇਅਦਬੀ ਦੇ ਮੁੱਦਿਆਂ ‘ਤੇ ਵਿਧਾਨ ਸਭਾ ਵਿੱਚ ਲਗਾਤਾਰ ਬੋਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਾਨੂੰ ਸਵਾਲ ਕਰਦੇ ਹਨ ਕਿ ਇਨਸਾਫ ਕਿੱਥੇ ਹੈ। ਰੰਧਾਵਾ ਨੇ ਨਵਜੋਤ ਸਿੱਧੂ ਦੇ ਕਰੀਬੀਆਂ ‘ਤੇ ਵਿਜੀਲੈਂਸ ਦੀ ਜਾਂਚ ‘ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਵਿਜੀਲੈਂਸ ਦਾ ਹਮੇਸ਼ਾ ਗਲਤ ਇਸਤੇਮਾਲ ਹੁੰਦਾ ਰਿਹਾ ਹੈ। ਵਿਜੀਲੈਂਸ ਦੀ ਜਾਂਚ ਕਿਸੇ ਨਤੀਜੇ ਤੱਕ ਨਹੀਂ ਪਹੁੰਚਦੀ। ਮੇਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਨਹੀਂ ਛੱਡਣਗੇ।