Punjab

ਆਕਸੀਜਨ ਲੈਣ ਲਈ ਨਿਕਲੀ ਪੰਜਾਬ ਦੀ ਪਹਿਲੀ ਰੇਲ ਗੱਡੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਆਕਸੀਜਨ ਦੀ ਸਪਲਾਈ ਵਿੱਚ ਤੇਜ਼ੀ ਲਿਆਉਣ ਲਈ ਪੰਜਾਬ ਨੇ ਅੱਜ ਪਹਿਲੀ ਆਕਸੀਜਨ ਐਕਸਪ੍ਰੈੱਸ ਝਾਰਖੰਡ ਨੂੰ ਰਵਾਨਾ ਕੀਤੀ ਹੈ। ਇਹ ਐਕਸਪ੍ਰੈੱਸ ਝਾਰਖੰਡ ਦੇ ਬੋਕਾਰੋ ਤੋਂ 40 ਮੀਟਰਿਕ ਟਨ ਆਕਸੀਜਨ ਲੈ ਕੇ ਵਾਪਸੀ ਕਰੇਗੀ। ਜਾਣਕਾਰੀ ਮੁਤਾਬਕ ਪੰਜਾਬ ਨੇ ਦੋ ਟੈਂਕਰ ਵੀ ਖਰੀਦੇ ਹਨ, ਜਿਨ੍ਹਾਂ ਦੀ ਵਰਤੋਂ ਆਕਸੀਜਨ ਸਪਲਾਈ ਵਿੱਚ ਤੇਜ਼ੀ ਲਿਆਉਣ ਲਈ ਕੀਤੀ ਜਾਵੇਗੀ।

ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਰਾਹੁਲ ਤਿਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਨੇ ਟੈਂਕਰ ਦੀਆਂ ਉੱਚਾਈਆਂ ਅਤੇ ਸਪਲਾਈ ਲੈ ਕੇ ਜਾਣ ਲਈ ਏਜੰਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘੱਟ ਕੀਤਾ ਹੈ, ਜੋ ਕਿ ਇਸ ਕਰੋਨਾਵਾਇਰਸ ਵਿਰੁੱਧ ਸੂਬੇ ਦੀ ਲੜਾਈ ਦਾ ਜ਼ਰੂਰੀ ਹਿੱਸਾ ਹਨ। ਤਿਵਾੜੀ ਨੇ ਕਿਹਾ ਕਿ ਪੰਜਾਬ ਜਲਦ ਹੀ 80 ਮੀਟਰਿਕ ਟਨ ਆਕਸੀਜਨ ਚੁੱਕਣ ਦੀ ਸਥਿਤੀ ਵਿੱਚ ਹੋਵੇਗਾ। ਇਹ ਰੇਲ 80 ਮੀਟਰਿਕ ਆਕਸੀਜਨ ਵੀ ਜਲਦ ਲਿਫਟ ਕਰੇਗੀ।

ਉਨਾਂ ਦੱਸਿਆ ਕਿ ਅਸੀਂ ਦੋ ਆਈ.ਐੱਸ.ਓ. ਕੰਟੇਨਰ ਖਰੀਦਣ ਅਤੇ ਇਨਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਯੋਗ ਹੋ ਗਏ ਹਾਂ ਅਤੇ ਅਸੀਂ ਆਕਸੀਜਨ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਸੁਚਾਰੂ ਖ਼ਰੀਦ ਲਈ ਪੰਜਾਬ ਦੀ ਭਰੋਸੇਮੰਦ ਸੰਸਥਾ ਮਾਰਕਫੈੱਡ ਦੀਆਂ ਸੇਵਾਵਾਂ ਲੈ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਕਿਤੇ ਵੀ ਆਕਸੀਜਨ ਦੀ ਕਮੀ ਨਾ ਰਹੇ। 

ਤਿਵਾੜੀ ਨੇ ਕਿਹਾ ਕਿ ਸੂਬੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਆਕਸੀਜਨ ਦੀ ਲੋੜ ਦਾ ਅਨੁਮਾਨ ਲਾਉਣ ਲਈ ਯੋਜਨਾ ਬਣਾਈ ਜਾ ਰਹੀ ਹੈ ਅਤੇ ਸੂਬੇ ਵੱਲੋਂ ਟੈਂਕਰਾਂ ਦਾ ਕੋਟਾ ਵਧਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਇਆ ਜਾ ਰਿਹਾ ਹੈ, ਤਾਂ ਜੋ ਅਲਾਟ ਕੀਤੀ ਗਈ ਸਾਰੀ ਆਕਸੀਜਨ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਲਿਜਾਇਆ ਜਾ ਸਕੇ।