‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਕਰੋਨਾ ਸਥਿਤੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਕੈਪਟਨ ਨੇ ਪਿੰਡਾਂ ਨੂੰ ਲਾਵਾਰਸ ਛੱਡ ਦਿੱਤਾ ਹੈ। ਕੈਪਟਨ ਆਪਣੀ ਕੋਈ ਵੀ ਜ਼ਿੰਮੇਵਾਰੀ ਨਹੀਂ ਸਮਝਦੇ। ਪਿੰਡਾਂ ਦੀਆਂ ਸਿਹਤ ਸੇਵਾਵਾਂ ਦਾ ਵੀ ਕੋਈ ਹਾਲ ਨਹੀਂ ਹੈ। ਸੂਬੇ ਦੇ ਬਹੁਤੇ ਪਿੰਡਾਂ ’ਚ ਡਾਕਟਰੀ ਸਹੂਲਤਾਂ ਨਹੀਂ ਹਨ। ਇਨ੍ਹਾਂ ਪਿੰਡਾਂ ਵਿੱਚ ਨਾ ਡਿਸਪੈਂਸਰੀ ਹੈ ਅਤੇ ਨਾ ਹੀ ਡਾਕਟਰ ਹਨ। ਜੇ ਕਿਤੇ ਡਾਕਟਰ ਹੈ, ਤਾਂ ਉੱਥੇ ਦਵਾਈਆਂ ਨਹੀਂ ਹਨ’।
ਭਗਵੰਤ ਮਾਨ ਨੇ ਕਿਹਾ ਕਿ ‘ਪੰਜਾਬ ਦੀਆਂ 60 ਤੋਂ 70 ਫ਼ੀਸਦੀ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਘਾਟ ਹੈ, ਇਸ ਹਾਲਤ ਵਿੱਚ ਲੋਕ ਇਲਾਜ ਕਿੱਥੋਂ ਕਰਵਾਉਣਗੇ। ਪੰਜਾਬ ਦੇ ਲੋਕਾਂ ਦਾ ਸਰਕਾਰੀ ਹਸਪਤਾਲਾਂ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਕਰੋਨਾ ਬਿਮਾਰੀ ਦਾ ਇਲਾਜ ਕਰਾਉਣ ਸਰਕਾਰੀ ਹਸਪਤਾਲ ਗਏ ਤਾਂ ਕੇਵਲ ਲਾਸ਼ ਬਣ ਕੇ ਹੀ ਵਾਪਸ ਆਉਣਗੇ। ਇਸ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ’ਚ ਕਰੋਨਾ ਇਲਾਜ ਲਈ ਜਾਣਾ ਪੈ ਰਿਹਾ ਹੈ, ਜੋ ਇਲਾਜ ਦੇ ਨਾਂ ’ਤੇ ਲੱਖਾਂ ਰੁਪਏ ਵਸੂਲ ਰਹੇ ਹਨ’।
ਦਰਅਸਲ, ਕੈਪਟਨ ਨੇ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ‘ਪਿੰਡਾਂ ਵਿੱਚ ਕਰੋਨਾ ਫੈਲ ਗਿਆ ਹੈ ਅਤੇ ਪਿੰਡਾਂ ਵਾਲੇ ਪਿੰਡਾਂ ਵਿੱਚ ਠੀਕਰੀ ਪਹਿਰਾ ਰੱਖਣ ਅਤੇ ਜੋ ਪਿੰਡ ਵਿੱਚ ਆਉਂਦਾ ਹੈ, ਜੇਕਰ ਉਸਨੂੰ ਕਰੋਨਾ ਹੈ ਤਾਂ ਉਸਨੂੰ ਪਿੰਡ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ’।