Others

ਮੋਦੀ ਦੇ ਗੁਣ ਗਾਉਣ ਵਾਲੇ ਇਸ ਐਕਟਰ ਦੀਆਂ ਵੀ ਗੰਗਾ ‘ਚੋਂ ਮਿਲੀਆਂ ਦੇਹਾਂ ਨੇ ਖੋਲ੍ਹ ਦਿੱਤੀਆਂ ਅੱਖਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਾਲੀਵੁੱਡ ਅਦਾਕਾਰ ਅਨੁਪਮ ਖੇਰ ਅਕਸਰ ਕੇਂਦਰ ਸਰਕਾਰ ਦਾ ਪੱਖ ਪੂਰਦੇ ਨਜ਼ਰ ਆਉਂਦੇ ਹਨ। ਪਿਛਲੇ ਦਿਨੀਂ ਇਕ ਟਵੀਟ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਅਨੁਪਮ ਖੇਰ ਨੇ ਸ਼ੇਖਰ ਗੁਪਤਾ ਦੇ ਇਕ ਟਵੀਟ ਦਾ ਜਵਾਬ ਦਿੰਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸਰਕਾਰ ਦੀ ਅਲੋਚਨਾ ਜਰੂਰ ਕਰੋ, ਪਰ ਆਵੇਗਾ ਤੇ ਮੋਦੀ ਹੀ। ਟਵਿੱਟਰ ‘ਤੇ ਇਸ ਜਵਾਬ ਨਾਲ ਅਨੁਪਮ ਖੇਰ ਦੀ ਜੋ ਕਿਰਕਿਰੀ ਹੋਈ ਸੀ, ਉਹ ਤਕਰੀਬਨ ਜਗ ਜਾਹਿਰ ਹੈ। ਪਰ ਇਸ ਵਾਰ ਥੋੜ੍ਹਾ ਮਾਮਲਾ ਹੋਰ ਹੈ। ਅਨੁਪਮ ਖੇਰ ਨੇ ਇਸ ਵਾਰ ਬੀਜੇਪੀ ਦਾ ਕੋਰੋਨਾ ਵਿੱਚ ਬਚਾਅ ਨਹੀਂ ਕੀਤਾ ਹੈ, ਸਗੋਂ ਇਹ ਕਿਹਾ ਹੈ ਕਿ ਕੋਰੋਨਾ ਦੇ ਮਾਮਲੇ ਵਿੱਚ ਸਰਕਾਰ ਕਿਤੇ ਨਾ ਕਿਤੇ ਫਿਸਲ ਗਈ ਹੈ। ਇੱਥੇ ਦੱਸ ਦਈਏ ਕਿ ਅਦਾਕਾਰਾਂ ਕਿਰਣ ਖੇਰ ਚੰਡੀਗੜ੍ਹ ਤੋਂ ਬੀਜੇਪੀ ਦੀ ਟਿਕਟ ਤੇ ਹੀ ਸੰਸਦ ਮੈਂਬਰ ਹਨ ਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਹਨ।

ਸਰਕਾਰ ਨੂੰ ਸਮਝਣ ਦੀ ਅਪੀਲ
ਅਨੁਪਮ ਖੇਰ ਨੇ ਐੱਨਡੀਟੀਵੀ ਨਾਲ ਹੋਈ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਕੋਵਿਡ ਸੰਕਟ ਵਿੱਚ ਸਰਕਾਰ ਫਿਸਲ ਗਈ ਹੈ। ਅਨੁਪਮ ਖੇਰ ਨੇ ਕਿਹਾ ਹੈ ਕਿ ਇਹ ਬਹੁਤ ਮਹੱਤਵਪੂਰਣ ਹੈ ਕਿ ਸਰਕਾਰ ਦੀ ਜਿੰਮੇਦਾਰੀ ਤੈਅ ਹੋਣੀ ਚਾਹੀਦੀ ਹੈ। ਕਿਤੇ ਨਾ ਕਿਤੇ ਅਸੀਂ ਫਿਸਲ ਗਏ ਹਾਂ ਤੇ ਸ਼ਾਇਦ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ (ਸਰਕਾਰ ਨੂੰ) ਸਮਝਣਾ ਚਾਹੀਦਾ ਹੈ ਕਿ ਆਪਣੀ ਸਾਖ ਛਵੀ ਬਣਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਲੋਕਾਂ ਦੀ ਜਿੰਦਗੀ। ਮੇਰਾ ਮੰਨਣਾ ਹੈ ਕਿ ਕਈ ਮਾਮਲਿਆਂ ਵਿਚ ਸਰਕਾਰ ਦੀ ਨਿਖੇਧੀ ਵੀ ਜ਼ਰੂਰੀ ਹੈ। ਸਰਕਾਰ ਨੂੰ ਲੋਕਾਂ ਨੇ ਚੁਣਿਆ ਹੈ ਅਤੇ ਉਸਨੂੰ ਕਰਨਾ ਪਵੇਗਾ। ਮੈਂ ਮੰਨਦਾ ਹਾਂ ਕਿ ਜੋ ਅਣਮਨੁੱਖੀ ਹੋਇਆ ਹੈ, ਉਸ ਨਾਲ ਹਰ ਕੋਈ ਗੰਗਾ ਵਿਚ ਵਹਿ ਰਹੀਆਂ ਲਾਸ਼ਾਂ ਤੋਂ ਪ੍ਰਭਾਵਿਤ ਹੋਇਆ ਹੈ। ਪਰ ਇਸ਼ ਚੀਜ ਦਾ ਕੋਈ ਦੂਜੀ ਪਾਰਟੀ ਆਪਣੇ ਫਾਇਦੇ ਲਈ ਵਰਤੇ ਇਹ ਵੀ ਕੋਈ ਚੰਗੀ ਗਲ ਨਹੀਂ ਹੈ।

NDTV INTERVIEW

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮਾਮਲੇ ਵਿਚ ਅਨੁਪਮ ਖੇਰ ਦੀ ਇਹ ਟਿੱਪਣੀ ਤੇ ਬਦਲਿਆ ਹੋਇਆ ਇਹ ਮੂਡ ਹੈਰਾਨ ਕਰਨ ਵਾਲਾ ਹੈ। ਜੇ ਅਸੀਂ ਅਨੁਪਮ ਖੇਰ ਨੂੰ ਛੱਡ ਵੀ ਦਈਏ ਤਾਂ ਵਿਦੇਸ਼ੀ ਮੀਡੀਆ ਨੇ ਕੇਂਦਰ ਸਰਕਾਰ ਨੂੰ ਇਕ ਕਈ ਵਾਰ ਕੋਰੋਨਾ ਦੇ ਦੌਰ ਵਿੱਚ ਆਪਣੇ ਢਿੱਲੇ ਪ੍ਰਬੰਧਾਂ ਕਾਰਨ ਬਣੇ ਹਾਲਾਤਾਂ ‘ਤੇ ਘੇਰਿਆ ਹੈ। ਦੂਜੀ ਲਹਿਰ ਨੇ ਭਾਰਤ ਦੇ ਬਸ਼ਿੰਦਿਆਂ ਦਾ ਜੋ ਹਾਲ ਕੀਤਾ ਹੈ, ਇਸਨੂੰ ਪੁਸ਼ਤਾਂ ਤੱਕ ਯਾਦ ਰੱਖਿਆ ਜਾਵੇਗਾ, ਪਰ ਇਹੋ ਜਿਹੇ ਦੌਰ ਵਿਚ ਵੀ ਜੇਕਰ ਸਿਆਸਤ ਹੋ ਰਹੀ ਹੈ ਜਾਂ ਟਵੀਟਾਂ ਰਾਹੀਂ ਕਿਸੇ ਸਰਕਾਰ ਦਾ ਪੱਖ ਪੂਰਿਆ ਜਾ ਰਿਹਾ ਹੈ, ਤਾਂ ਇਸ ਤੋਂ ਵੱਡੀ ਸ਼ਰਮਸ਼ਾਰ ਕਰਨ ਵਾਲੀ ਗੱਲ ਕੋਈ ਨਹੀਂ। ਅਨੁਪਮ ਖੇਰ ਦੀ ਅਸੀਂ ਗੱਲ ਤਾਂ ਕਰ ਰਹੇ ਹਾਂ, ਕਿਉਂ ਕਿ ਲੋਕ ਇਨ੍ਹਾਂ ਨੂੰ ਫਾਲੋ ਕਰਦੇ ਹਨ ਤੇ ਇਨ੍ਹਾਂ ਦੀਆਂ ਕਹੀਆਂ ਗੱਲਾਂ ਤੇ ਗੌਰ ਕਰਦੇ ਹਨ। ਉਮੀਦ ਹੈ ਕਿ ਅਦਾਕਾਰ ਕਲਾਕਾਰ ਤੇ ਸੂਝਵਾਨ ਲੋਕ ਹੁਣ ਤਰਕ ਤੇ ਅੱਖਾਂ ਖੋਲ੍ਹ ਕੇ ਬੋਲਣਾ ਸਿੱਖ ਲੈਣਗੇ।