‘ਦ ਖਾਲਸ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੇ ਭਾਰਤ ਮਲੇਰੀਆ ਦੀਆਂ ਦਵਾਈਆਂ ਦੇ ਬਰਾਮਦ ‘ਤੇ ਲੱਗੀ ਰੋਕ ਨੂੰ ਨਹੀਂ ਹਟਾਉਦਾ ਤਾਂ ਉਹ ਬਦਲੇ ਵਿੱਚ ਜਵਾਬੀ ਕਾਰਵਾਈ ਕਰ ਸਕਦੇ ਹਨ।
ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਦੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕਿਹਾ, “ਮੈਂ ਭਾਰਤੀ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ। “ਸਾਡੇ ਦੋਵਾਂ ਵਿੱਚ ਚੰਗੀ ਗੱਲਬਾਤ ਹੋਈ ਹੈ, ਇਹ ਚੰਗਾ ਰਹੇਗਾ ਜੇ ਉਹ ਸਾਨੂੰ ਮਲੇਰੀਆ ਰੋਕੂ ਦਵਾਈਆਂ ਭੇਜਣ, ਜੇ ਉਹ ਨਹੀਂ ਦਿੰਦੇ, ਤਾਂ ਅਮਰੀਕਾ ਵਲੋਂ ਵੀ ਜਵਾਬੀ ਕਾਰਵਾਈ ਹੋ ਸਕਦੀ ਹੈ।’’
ਅਮਰੀਕਾ ਵਿੱਚ ਕੋਰੋਨਾਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਕੋਰੋਨਾਵਾਇਰਸ ਦੀ ਲਾਗ ਦੇ ਪੀੜਤ ਲੋਕਾਂ ਲਈ ਮਲੇਰੀਆ ਦੀਆਂ ਦਵਾਈਆਂ ਮਦਦਗਾਰ ਸਾਬਤ ਹੁੰਦੀਆਂ ਹਨ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਅਮਰੀਕਾ ਲਈ ਹਾਈਡਰੋਕਸਾਈਕਲੋਰੋਕਿਨ ਭੇਜਣ ਲਈ ਕਿਹਾ ਹੈ। ਜੋ ਕਿ ਭਾਰਤ ਵਿੱਚ ਵੱਡੇ ਪੱਧਰ ‘ਤੇ ਪੈਦਾ ਹੁੰਦੀ ਹੈ, ਪਰ ਇੱਥੇ ਖ਼ਪਤ ਵੀ ਕਾਫ਼ੀ ਹੈ। ਅਜਿਹੀ ਹਾਲਤ ਵਿੱਚ ਭਾਰਤ ਨੇ ਇਸਦੇ ਬਰਾਮਦ ਉੱਤੇ ਪਾਬੰਦੀ ਲਗਾ ਦਿੱਤੀ ਹੈ।
ਦੂਜੇ ਪਾਸੇ ਪੀ.ਐਮ. ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਕਿਹਾ ਕਿ ਭਾਰਤ ਇਸ ਮਾਮਲੇ ਵਿੱਚ ਜੋ ਵੀ ਕਰ ਸਕਦਾ ਹੈ ਉਹ ਕਰੇਗਾ।