India Punjab

ਨਹੀਂ ਰਹੇ ਸਿੱਖ ਮਿਸ਼ਨਰੀ ਲਹਿਰ ਦੇ ਪ੍ਰਧਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਮਿਸ਼ਨਰੀ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਹਰਭਜਨ ਸਿੰਘ ਲੁਧਿਆਣਾ ਦਾ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਲੁਧਿਆਣਾ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ। ਕਈ ਵੱਡੀਆਂ ਸ਼ਖਸੀਅਤਾਂ ਵੱਲੋਂ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਹਰਭਜਨ ਸਿੰਘ ਦਾ ਸਿੰਘ ਸਭਾ ਲਹਿਰ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਸੀ।

ਉਨ੍ਹਾਂ ਵੱਲੋਂ ਕੀਤੇ ਗਏ ਕਾਰਜ

  • ਪ੍ਰਿੰਸੀਪਲ ਹਰਭਜਨ ਸਿੰਘ ਸਿੱਖ ਮਿਸ਼ਨਰੀ ਲਹਿਰ ਦੇ ਪ੍ਰਧਾਨ ਸਨ।
  • ਉਹ 50-60 ਸਾਲਾਂ ਤੋਂ ਦੁਨੀਆ ਭਰ ਵਿੱਚ ਕਈ ਗੁਰਮਤਿ ਸਮਾਗਮ ਕਰਵਾਉਂਦੇ ਸਨ।
  • ਪ੍ਰਿੰਸੀਪਲ ਹਰਭਜਨ ਸਿੰਘ ਸਾਰੇ ਸਕੂਲਾਂ, ਕਾਲਜਾਂ ਵਿੱਚ ਸਾਲਾਨਾ ਪ੍ਰੀਖਿਆ ਕਰਵਾਉਂਦੇ ਸਨ।
  • ਉਨ੍ਹਾਂ ਨੇ ਕਈ ਮਿਸ਼ਨਰੀ ਕਾਲਜ ਖੋਲ੍ਹੇ।
  • ਉਨ੍ਹਾਂ ਨੇ ਬਹੁਤ ਸਾਰਾ ਸਾਹਿਤ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਸ਼ਬਦ ਗੁਰੂ ਬਾਰੇ ਵਰਨਣ ਕੀਤਾ ਅਤੇ ਅੱਜਕੱਲ੍ਹ ਬਣੇ ਕਈ ਦੇਹਧਾਰੀ ਗੁਰੂਆਂ ਦਾ ਆਪਣੀ ਲਿਖਤ ਦੇ ਰਾਹੀਂ ਪਰਦਾਫਾਸ਼ ਕੀਤਾ।
  • ਉਨ੍ਹਾਂ ਨੇ ਕਰੀਬ 1 ਹਜ਼ਾਰ ਕਿਤਾਬਾਂ ਦੀ ਰਚਨਾ ਕੀਤੀ ਹੈ।
  • ਉਨ੍ਹਾਂ ਵੱਲੋਂ ਸਿਖਾਏ ਹੋਏ ਕਈ ਨੌਜਵਾਨ ਅੱਜ ਵੱਡੇ ਪੱਧਰ ‘ਤੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ।
  • ਉਨ੍ਹਾਂ ਦੀ ਮਿਹਨਤ ਦੇ ਸਦਕਾ ਹੁਣ ਤੱਕ ਸਿੱਖ ਮਿਸ਼ਨਰੀ ਦੇ 10 ਹਜ਼ਾਰ ਸਰਕਲ ਹਨ ਅਤੇ ਹਜ਼ਾਰਾਂ ਸਿੱਖ ਪ੍ਰਚਾਰਕ ਦੁਨੀਆ ਭਰ ਵਿੱਚ ਗੁਰਮਤਿ ਪ੍ਰਚਾਰ ਕਰ ਰਹੇ ਹਨ।

ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਸਿੱਖ ਇਤਿਹਾਸ ਦੇ ਖੋਜਕਾਰ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਪ੍ਰਿੰਸੀਪਲ ਹਰਭਜਨ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ‘ਕਿਸੇ ਗੁਰਮਤਿ ਕਾਲਜ ਦਾ ਵਿਦਿਆਰਥੀ ਨਾ ਹੋਣ ਕਰਕੇ ਮੇਰਾ ਕਿਸੇ ਵੀ ਮਿਸ਼ਨਰੀ ਕਾਲਜ ਨਾਲ ਸਿੱਧਾ ਸੰਬੰਧ ਨਹੀਂ ਰਿਹਾ। ਪ੍ਰਿ: ਹਰਭਜਨ ਸਿੰਘ ਹੋਰਾਂ ਨੂੰ ਵੀ ਮੈਂ ਇੱਕ ਦੋ ਵਾਰ ਹੀ ਮਿਲਿਆ। ਇੱਕ ਗੁਰਮਤਿ ਕੈਂਪ ਵਿੱਚ ਉਹਨਾਂ ਦਾ ਵੀ ਲੈਕਚਰ ਸੀ ਅਤੇ ਮੇਰਾ ਵੀ ਲੈਕਚਰ ਸੀ। ਉਹ ਮੇਰੇ ਤੋਂ ਪਹਿਲਾਂ ਲੈਕਚਰ ਕਰਕੇ ਜਾ ਚੁੱਕੇ ਸਨ। ਮੈਂ ਵਿਦਿਆਰਥੀਆਂ ਨੂੰ ਪੁੱਛਿਆ ਕਿ ਉਹ ਕਿਸ ਵਿਸ਼ੇ ਉੱਪਰ ਬੋਲ ਕੇ ਗਏ ਹਨ? ਇਸ ਉੱਪਰ ਇੱਕ ਪ੍ਰਬੰਧਕਾਂ ਵਿੱਚੋਂ ਵੀਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਬਚਪਨ ਦੀ ਘਟਨਾ ਸੁਣਾਈ ਸੀ’।

ਉਨ੍ਹਾਂ ਨੇ ਕਿਹਾ ਕਿ ‘ਉਹਨਾਂ ਦੇ ਜਵਾਨ ਬੇਟੇ ਦੀ ਮੌਤ ਬਾਰੇ ਉਨ੍ਹਾਂ ਨੂੰ ਬਹੁਤ ਦਿਨਾਂ ਬਾਅਦ ਆਪਣੇ ਇੱਕ ਦੋਸਤ ਕੋਲੋਂ ਪਤਾ ਲੱਗਾ। ਮੈਂ ਉਸਨੂੰ ਪੁੱਛਿਆ ਕਿ ਅਫਸੋਸ ਕਰ ਆਏ ਹੋ ਤਾਂ ਉਹ ਬੋਲਿਆ ਕਿ, ਗਏ ਤਾਂ ਸੀ, ਪਰ ਅਫਸੋਸ ਵਾਲੀ ਕੋਈ ਗੱਲ ਹੀ ਨਹੀਂ ਸੀ। ਬੇਸ਼ੱਕ ਘਰ ਵਿੱਚ ਜਵਾਨ ਪੁੱਤ ਦੀ ਲਾਸ਼ ਪਈ ਸੀ ਪਰ ਪ੍ਰਿ:ਸਾਹਿਬ ਕਹਿੰਦੇ ਸੀ ਕਿ ਜਾਂ ਤਾਂ ਪਾਠ ਕਰੋ ਅਤੇ ਜਿਸਨੇ ਪਾਠ ਨਹੀਂ ਕਰਨਾ, ਉਹ ਸਿੱਖ ਫੁਲਵਾੜੀ ਮੈਗਜ਼ੀਨ ਦੇ ਲਿਫ਼ਾਫ਼ਿਆਂ ਉੱਪਰ ਪਤੇ ਲਿਖਣ ਦੀ ਸੇਵਾ ਕਰੇ।”