Punjab

ਕਰੋਨਾ ਟੀਕਾ ਲਾਉਣ ਤੋਂ ਪਹਿਲਾਂ ਕਰ ਦਿਉ ਖੂਨ ਦਾਨ, ਬਲੱਡ ਬੈਂਕਾਂ ਦੇ ਪ੍ਰਬੰਧਕਾਂ ਦੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੌਰਾਨ ਪੈਦਾ ਹੋਏ ਮੌਜੂਦਾ ਹਾਲਾਤਾਂ ਵਿੱਚ ਬਲੱਡ ਬੈਂਕ ਵੀ ਖਾਲੀ ਹੋਣ ਲੱਗ ਪਏ ਹਨ। ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਵੱਲੋਂ ਖੂਨਦਾਨ ਘੱਟ ਕੀਤਾ ਜਾ ਰਿਹਾ ਹੈ ਅਤੇ ਖੂਨਦਾਨ ਘੱਟ ਹੋਣ ਕਾਰਨ ਹੁਣ ਬਲੱਡ ਬੈਂਕ ਵੀ ਖਾਲੀ ਹੁੰਦੇ ਜਾ ਰਹੇ ਹਨ। ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਕਰੋਨਾ ਰੋਕੂ ਟੀਕਾ ਲਵਾਉਣ ਵਾਲਾ ਕੋਈ ਵੀ ਵਿਅਕਤੀ 45 ਤੋਂ 60 ਦਿਨਾਂ ਤੱਕ ਖੂਨ ਦਾਨ ਨਹੀਂ ਕਰ ਸਕਦਾ, ਜਿਸ ਕਰਕੇ ਹਸਪਤਾਲਾਂ ਦੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਪੈਦਾ ਹੋਣ ਲੱਗੀ ਹੈ।

ਇਸ ਸੰਕਟ ਕਾਰਨ ਥੈਲੇਸੀਮੀਆ, ਕੈਂਸਰ, ਡਾਇਲੇਸਿਸ, ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰ ਨੇ 18 ਤੋਂ 45 ਸਾਲ ਦੇ ਲੋਕਾਂ ਲਈ ਕਰੋਨਾ ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ। ਜ਼ਿਆਦਾਤਰ ਖੂਨ ਦਾਨ ਕਰਨ ਵਾਲੇ ਵਿਅਕਤੀ ਇਸੇ ਉਮਰ ਵਰਗ ਦੇ ਹਨ। ਜਦੋਂ ਇਸ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਹੋਵੇਗਾ ਤਾਂ ਉਹ 45 ਤੋਂ 60 ਦਿਨ ਤੱਕ ਖੂਨ ਦਾਨ ਨਹੀਂ ਕਰ ਸਕਣਗੇ। ਮੌਜੂਦਾ ਸੰਕਟ ਨੂੰ ਦੇਖਦਿਆਂ ਬਲੱਡ ਬੈਂਕਾਂ ਦੇ ਪ੍ਰਬੰਧਕ ਖੂਨਦਾਨੀਆਂ ਨੂੰ ਟੀਕਾ ਲਵਾਉਣ ਤੋਂ ਪਹਿਲਾਂ ਖੂਨ ਦਾਨ ਦੀ ਅਪੀਲ ਕਰ ਰਹੇ ਹਨ।

ਕਿੱਥੇ-ਕਿੱਥੇ ਪਾਈ ਜਾ ਰਹੀ ਹੈ ਖੂਨ ਦੀ ਕਮੀ

• ਲਗਭਗ 600 ਤੋਂ 700 ਖੂਨ ਯੂਨਿਟ ਦੀ ਥਾਂ ਇਸ ਵੇਲੇ ਬਲੱਡ ਬੈਂਕਾਂ ਵਿੱਚ ਸਿਰਫ 200 ਯੂਨਿਟ ਖੂਨ ਉਪਲੱਬਧ ਹੈ।
• ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਸ ਵੇਲੇ ਖੂਨ ਦੇ ਏਬੀ, ਏ ਅਤੇ ਬੀ ਗਰੁੱਪ ਦੀ ਕਮੀ ਪਾਈ ਜਾ ਰਹੀ ਹੈ।
• ਤਰਨ ਤਾਰਨ ਅਤੇ ਗੁਰਦਾਸਪੁਰ ਦੇ ਬਲੱਡ ਬੈਂਕਾਂ ਵਿੱਚ ਵੀ ਖੂਨ ਦੀ ਕਮੀ ਪੈਦਾ ਹੋ ਰਹੀ ਹੈ।

ਕਿੰਨਾਂ ਲੋਕਾਂ ਨੂੰ ਆਵੇਗੀ ਮੁਸ਼ਕਿਲ, ਜਾਣੋ ਡਾ. ਸਰਦੀਪਕ ਸਿੰਘ ਰਿਆੜ ਦੀ ਜ਼ੁਬਾਨੀ
• ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਡਾ. ਸਰਦੀਪਕ ਸਿੰਘ ਰਿਆੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਲਾਬੰਦੀ ਕਾਰਨ ਖੂਨਦਾਨ ਕੈਂਪ ਨਹੀਂ ਲਾਏ ਜਾ ਰਹੇ।
• ਕਰੋਨਾ ਦੇ ਪਸਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਹਨ, ਜਿਸ ਨੇ ਖੂਨਦਾਨ ਦੀ ਪ੍ਰਕਿਰਿਆ ’ਤੇ ਅਸਰ ਪਾਇਆ ਹੈ।
• ਇਸ ਨਾਲ ਥੈਲੇਸੀਮੀਆ ਅਤੇ ਜਿਨ੍ਹਾਂ ਮਰੀਜ਼ਾਂ ਦਾ ਖੂਨ ਬਦਲਣ ਦੀ ਲੋੜ ਹੈ, ਨੂੰ ਵਧੇਰੇ ਮੁਸ਼ਕਲ ਆਵੇਗੀ।
• ਜਣੇਪਾ ਕੇਸਾਂ, ਜਿਨ੍ਹਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਅਤੇ ਸੜਕ ਹਾਦਸਿਆਂ ਦੇ ਕੇਸ, ਜਿੱਥੇ ਵਧੇਰੇ ਖੂਨ ਵਹਿ ਜਾਂਦਾ ਹੈ, ਨੂੰ ਵੀ ਖੂਨ ਚੜ੍ਹਾਉਣ ਵਿੱਚ ਮੁਸ਼ਕਲ ਆ ਸਕਦੀ ਹੈ।
• ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ’ਚ ਪਹਿਲਾਂ ਆਮ ਦਿਨਾਂ ਵਿੱਚ 20 ਤੋਂ 22 ਖੂਨ ਦੇ ਯੂਨਿਟ ਮਰੀਜ਼ਾਂ ਲਈ ਜਾਰੀ ਕੀਤੇ ਜਾਂਦੇ ਸਨ ਪਰ ਹੁਣ ਖੂਨ ਦੀ ਕਮੀ ਕਾਰਨ 10 ਤੋਂ 12 ਯੂਨਿਟ ਹੀ ਜਾਰੀ ਕੀਤੇ ਜਾ ਰਹੇ ਹਨ।
• ਉਨ੍ਹਾਂ ਕਿਹਾ ਕਿ ਸਿਹਤ ਕਾਮਿਆਂ ਨੂੰ ਵੀ ਖੂਨਦਾਨ ਲਈ ਪ੍ਰੇਰਿਆ ਜਾ ਰਿਹਾ ਹੈ।