India Punjab

ਅਸਾਮ ਦੇ ਇਸ ਕਿਸਾਨ ਲੀਡਰ ਨੇ ਜੇਲ੍ਹ ‘ਚ ਰਹਿ ਕੇ ਜਿੱਤੀ ਚੋਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਸਾਮ ਦੇ ਕਿਸਾਨ ਲੀਡਰ ਅਖਿਲ ਗੋਗੋਈ ਨੇ ਜੇਲ੍ਹ ਦੇ ਅੰਦਰ ਰਹਿ ਕੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਜਾਣਕਾਰੀ ਮੁਤਾਬਕ ਅਖਿਲ ਗੋਗੋਈ ਨੂੰ ਸਰਕਾਰ ਨੇ ਝੂਠੇ ਦੋਸ਼ਾਂ ਦੇ ਆਧਾਰ ‘ਤੇ ਜੇਲ੍ਹ ਵਿੱਚ ਭੇਜਿਆ ਹੋਇਆ ਹੈ।  ਸ਼ੀਬਸਾਗਰ ਸੰਸਦੀ ਖੇਤਰ ਦੇ ਨਾਗਰਿਕਾਂ ਨੇ ਉਨ੍ਹਾਂ ‘ਤੇ ਭਰੋਸਾ ਕਰਕੇ ਉਸ਼ਨੂੰ ਜਤਾਇਆ ਹੈ। ਕਿਸਾਨ ਲੀਡਰਾਂ ਨੇ ਅਖਿਲ ਗੋਗੋਈ ਨੂੰ ਵਧਾਈ ਦਿੱਤੀ ਅਤੇ ਸਰਕਾਰ ਨੂੰ ਕਿਸਾਨ ਲੀਡਰ ਅਖਿਲ ਗੋਗੋਈ ਦੀ ਤੁਰੰਤ ਰਿਹਾਈ ਕਰਨ ਦੀ ਮੰਗ ਕੀਤੀ।

ਕਿਸਾਨ ਲੀਡਰਾਂ ਨੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਦੀ ਹੋਈ ਹਾਰ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਭਾਰੀ ਰੋਸ ਕਾਰਨ ਭਾਜਪਾ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਕਿਸਾਨਾਂ ਨੂੰ ਐੱਮਐੱਸਪੀ ਨਾ ਮਿਲਣ ਕਾਰਨ ਅਤੇ ਐੱਮਐੱਸਪੀ ਦੇ ਨਾਮ ‘ਤੇ ਝੂਠ ਫੈਲਾਉਣ ਕਾਰਨ ਚੋਣਾਂ ‘ਚ ਕਿਸਾਨਾਂ ਨੇ ਆਪਣਾ ਗੁੱਸਾ ਦਿਖਾਇਆ ਹੈ। ਮਜ਼ਦੂਰ ਵਰਗ ਨੇ ਵੀ ਵੋਟ ਦੀ ਚੋਟ ਨਾਲ ਭਾਜਪਾ ਨੂੰ ਸਬਕ ਸਿਖਾਇਆ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਨਵੇਂ ਲੇਬਰ ਕੋਡ ਦੇ ਜ਼ਰੀਏ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਗ਼ੁਲਾਮ ਬਣਾਉਣਾ ਚਾਹੁੰਦੀ ਹੈ। ਕੰਮ ਦੇ ਘੰਟੇ 8 ਘੰਟਿਆਂ ਤੋਂ ਵਧਾ ਕੇ 12 ਘੰਟੇ ਕਰਨ ਦਾ ਫੈਸਲਾ ਮਜ਼ਦੂਰਾਂ ਨੂੰ ਮਨਜ਼ੂਰ ਨਹੀਂ ਹੈ। ਭਾਜਪਾ ਨੂੰ ਕਿਸਾਨਾਂ ਪ੍ਰਤੀ ਕੂੜ-ਪ੍ਰਚਾਰ ਕਰਨ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ ਹੈ। ਭਾਜਪਾ ਸਿਰਫ ਚੋਣਾਂ ਦੀ ਭਾਸ਼ਾ ਨੂੰ ਸਮਝਦੀ ਹੈ ਅਤੇ ਇਸ ਲਈ ਕਿਸਾਨਾਂ ਨੇ ਭਾਜਪਾ ਵਿਰੁੱਧ ਮੁਹਿੰਮ ਚਲਾਈ।

ਕਿਸਾਨਾਂ ਨੇ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਸਰਕਾਰ ਸਾਡੀਆਂ ਮੰਗਾਂ ਲਈ ਸਹਿਮਤ ਨਾ ਹੋਈ ਤਾਂ ਭਾਜਪਾ ਨੂੰ ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸਰਕਾਰ ਨਹੀਂ ਬਣਾਉਣ ਦਿੱਤੀ ਜਾਵੇਗੀ। ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਸੰਘਰਸ਼ਸ਼ੀਲ ਲੋਕ ਹੁਣ ਇੱਕਜੁੱਟ ਹੋ ਗਏ ਹਨ।

ਕਿਸਾਨ ਲੀਡਰਾਂ ਨੇ ਕੱਲ੍ਹ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਸਯੁੰਕਤ ਕਿਸਾਨ ਮੋਰਚੇ ਦੀ “ਭਾਜਪਾ ਨੂੰ ਵੋਟ ਨਹੀਂ/ਨੋ ਵੋਟ ਟੂ ਬੀਜੇਪੀ” ਮੁਹਿੰਮ ਨੂੰ ਸਫਲ ਬਣਾਇਆ ਹੈ।  ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਵਿੱਚ ਜ਼ਰੂਰੀ ਸਾਵਧਾਨੀਆਂ ਵਰਤ ਕੇ ਇਸ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ। ਕਿਸਾਨ ਲੀਡਰਾਂ ਨੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਨਾਗਰਿਕਾਂ ਨੂੰ ਪਹਿਲਾਂ ਦੀ ਤਰ੍ਹਾਂ ਕਿਸਾਨੀ ਲਹਿਰ ਵਿੱਚ ਪੂਰਾ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ।