Punjab

ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ‘ਚ 30 ਅਪ੍ਰੈਲ ਨੂੰ ਸਾੜਾਂਗੇ ਬਹਿਬਲ ਕਲਾਂ ਗੋਲੀ ਕਾਂਡ ਦੇ ਫੈਸਲੇ ਦੀਆਂ ਕਾਪੀਆਂ : ਜਥੇਦਾਰ ਰਣਜੀਤ ਸਿੰਘ

ਬਹਿਬਲ ਕਲਾਂ ਗੋਲੀ ਕਾਂਡ ਵਿੱਚ ਹਾਈਕੋਰਟ ਦਾ ਇਹ ਫੈਸਲਾ ਨਹੀਂ, ਕਾਲਾ ਲੇਖ ਹੈ * ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉੱਲਟ ਆਇਆ ਹੈ ਫੈਸਲਾ * ਅਟਾਰਨੀ ਜਨਰਲ ਨੇ ਬਾਦਲ ਪਰਿਵਾਰ ਦੇ ਕੀਤੇ ਦਾ ਮੁੱਲ ਮੋੜਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਹਾਈਕੋਰਟ ਦੇ ਫੈਸਲੇ ‘ਤੇ ਅਗਲੀ ਰਣਨੀਤੀ ਘੜਨ ਲਈ ਅੱਜ ਮੁਹਾਲੀ ਦੇ ਗੁਰੂਦੁਆਰਾ ਸ਼੍ਰੀ ਅੰਬ ਸਾਹਿਬ ਵਿੱਖੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਇਕੱਤਰਤਾ ਹੋਈ। ਇਸ ਮੌਕੇ ਹਾਜ਼ਿਰ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ‘ਦ ਖ਼ਾਲਸ ਟੀਵੀ ਨਾਲ ਵਿਸ਼ੇਸ਼ ਤੌਰ ਤੇ ਗੱਲ ਬਾਤ ਕਰਦਿਆਂ ਦੋਸ਼ ਲਾਇਆ ਕਿ ਇੱਕ ਤਰ੍ਹਾਂ ਨਾਲ ਕਾਨੂੰਨ ਨੇ ਇਹ ਕਰਤੂਤ ਖੇਡੀ ਹੈ ਤੇ ਅਸੀਂ ਹੁਣ ਅਗਲਾ ਰਾਹ ਇਹ ਘੜਿਆ ਹੈ ਕਿ ਜਿੱਥੇ ਇਹ ਬੇਅਦਬੀ ਹੋਈ ਉਸੇ ਥਾਂ ‘ਤੇ ਹਾਈਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਲਈ 30 ਅਪ੍ਰੈਲ ਦਾ ਦਿਨ ਮਿੱਥਿਆ ਗਿਆ ਹੈ।

ਸਾਡੀਆਂ ਭਾਵਨਾਵਾਂ ਦੇ ਉਲਟ ਆਇਆ ਫੈਸਲਾ

ਜਥੇਦਾਰ ਨੇ ਕਿਹਾ 6 ਸਾਲ ਤੋਂ ਸਾਡੀਆਂ ਅੱਖਾਂ ਇਸ ਫੈਸਲੇ ਦੀ ਉਡੀਕ ਕਰ ਰਹੀਆਂ ਸਨ। ਅਖੀਰ ਜੋ ਫੈਸਲਾ ਆਇਆ ਉਸ ਨੇ ਪੂਰੀ ਸਿੱਖ ਕੌਮ ਨੂੰ ਨਿਰਾਸ਼ਾ ਵਿੱਚ ਡੋਬ ਦਿੱਤਾ ਹੈ। ਇਹ ਫੈਸਲਾ ਸਾਡੀਆਂ ਭਾਵਨਾਵਾਂ ਦੇ ਉਲਟ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਨਹੀਂ, ਕਾਲਾ ਲੇਖ ਹੈ ਤੇ ਅਸੀਂ ਇਸ ਕਾਲੇ ਲੇਖ ਨੂੰ ਕੋਟਕਪੂਰਾ ਵਿੱਚ ਹੀ ਸਾੜਾਂਗੇ।

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੀ ਸੇਵਾ ਦਾ ਮੁੱਲ ਆਟਾਰਨੀ ਜਨਰਲ ਨੇ ਮੋੜਿਆ ਹੈ ਤੇ ਇਸੇ ਕਰਕੇ ਕਲੀਨ ਚਿੱਟ ਮਿਲੀ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਵੱਲੋਂ ਪੇਸ਼ ਕੀਤੀ ਰਿਪੋਰਟ ਬਾਰੇ ਉਹੀ ਦੱਸ ਸਕਦੇ ਹਨ ਤੇ ਉਨ੍ਹਾਂ ਦੇ 30 ਅਪ੍ਰੈਲ ਨੂੰ ਹੋ ਰਹੇ ਸਨਮਾਨ ਬਾਰੇ ਵੀ ਕੁੱਝ ਨਹੀਂ ਕਹਿ ਸਕਦਾ। ਜਥੇਦਾਰ ਨੇ ਕਿਹਾ ਕਿ ਕੋਰਟ ਨੇ ਸਿੱਧੀ ਤਰ੍ਹਾਂ ਇਸ ਮਾਮਲੇ ਵਿੱਚ ਇਨਸਾਫ ਨਹੀਂ ਕੀਤਾ ਹੈ।