India

ਦਿੱਲੀ ਦੇ ਲੋਕਾਂ ਦੀ ਜਾਨ ਬਚਾਉਣ ਲਈ ਹੁਣ ਕੇਜਰੀਵਾਲ ਨੇ ਲੱਭਿਆ ਨਵਾਂ ਰਾਹ, ਸੁਣੋ ਵੱਡਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਵਿੱਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਭਿਆਨਕ ਰੂਪ ਧਾਰਣ ਕਰ ਚੁੱਕੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਟੀਕਾਕਰਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ 1 ਕਰੋੜ 34 ਲੱਖ ਵੈਕਸੀਨ ਖਰੀਦਣ ਨੂੰ ਵੀ ਮਨਜੂਰੀ ਦੇ ਦਿੱਤੀ ਹੈ।

ਕੇਜਰੀਵਾਲ ਨੇ ਕਿਹਾ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਵੈਕਸੀਨ ਦੀ ਦਵਾਈ ਦਾ ਰੇਟ ਇਕਸਾਰ ਕਰੇ ਤਾਂ ਜੋ ਇਹ ਸਾਰਿਆਂ ਦੀ ਪਹੁੰਚ ਵਿੱਚ ਹੋ ਸਕੇ। ਉਨ੍ਹਾਂ ਨੇ ਕੰਪਨੀਆਂ ਨੂੰ ਵੀ ਕਿਹਾ ਕਿ ਇਹ ਸਮਾਂ ਲੌਸ-ਪ੍ਰਾਫਿਟ ਦੇਖਣ ਦਾ ਨਹੀਂ ਹੈ, ਲੋਕਾਂ ਦੀ ਸੇਵਾ ਦਾ ਹੈ। ਇਸ ਲਈ ਸਾਨੂੰ ਇਨਸਾਨ ਬਚਾਉਣ ‘ਤੇ ਧਿਆਨ ਰੱਖਣਾ ਚਾਹੀਦਾ ਹੈ, ਕਮਾਈ ਕਰਨ ਨੂੰ ਤਾਂ ਸਾਰੀ ਉਮਰ ਪਈ ਹੈ। ਕੇਜਰੀਵਾਲ ਨੇ ਕਿਹਾ ਉਨ੍ਹਾਂ ਨੇ ਅੱਜ ਇੱਕ ਧਾਰਮਿਕ ਸੰਸਥਾ ਵੱਲੋਂ ਕੀਤੇ ਪ੍ਰਬੰਧਾਂ ਦਾ ਦੌਰਾ ਕਰਕੇ ਆਏ ਹਨ। ਉੱਥੇ 500 ਆਕਸੀਜਨ ਦੇ ਬਿਸਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਇਹ ਸੰਖਿਆਂ ਹੋਰ ਵਧਾਈ ਜਾ ਰਹੀ ਹੈ। ਉਨ੍ਹਾਂ 200 ਦੇ ਕਰੀਬ ਆਈਸੀਯੂ ਬੈੱਡ ਵਧਾਉਣ ਦਾ ਵੀ ਐਲਾਨ ਕੀਤਾ ਹੈ।