India Punjab

ਡਾਕਟਰਾਂ ਨੇ ਦੱਸਿਆ ਕਰੋਨਾ ਦੌਰਾਨ ਇਕਾਂਤਵਾਸ ਰਹਿਣ ਅਤੇ ਦਵਾਈਆਂ ਲੈਣ ਦਾ ਤਰੀਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਵੱਖ-ਵੱਖ ਡਾਕਟਰਾਂ ਨੇ ਇੱਕ ਵਰਚੁਅਲ ਕਾਨਫਰੰਸ ਕਰਕੇ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕਰਕੇ ਉਨ੍ਹਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਏਮਸ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆਂ ਨੇ ਕਿਹਾ ਕਿ ਜੋ ਮਰੀਜ਼ ਘਰ ਵਿੱਚ ਹਨ ਅਤੇ ਜਿਨ੍ਹਾਂ ਦਾ ਆਕਸੀਜਨ ਸੈਚੂਰੇਸ਼ਨ 94 ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਰੈਮਡੈਸੀਵਰ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਆਮ ਵਿਅਕਤੀ ਰੈਮਡੈਸੀਵਰ ਲੈਂਦਾ ਹੈ ਤਾਂ ਉਸ ਨਾਲ ਉਸਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਅਤੇ ਫਾਇਦਾ ਘੱਟ ਹੋਵੇਗਾ। ਰੈਮਡੈਸੀਵਰ ਸਿਰਫ ਹਸਪਤਾਲਾਂ ਵਿੱਚ ਦਾਖਲ ਕਰੋਨਾ ਮਰੀਜ਼ਾਂ ਨੂੰ ਹੀ ਦਿੱਤੀ ਜਾਂਦੀ ਹੈ। ਜੇਕਰ ਸਾਡੀ ਕਰੋਨਾ ਰਿਪੋਰਟ ਪਾਜ਼ੀਟਿਵ ਆ ਜਾਂਦੀ ਹੈ ਤਾਂ ਸਾਨੂੰ ਉਸੇ ਸਮੇਂ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਵਿੱਚ ਲੋਕਾਂ ਨੇ ਘਰਾਂ ਵਿੱਚ ਟੀਕੇ, ਸਿਲੰਡਰ ਰੱਖਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਰਕੇ ਇਨ੍ਹਾਂ ਦੀ ਕਮੀ ਹੋ ਰਹੀ ਹੈ। ਕੋਵਿਡ-19 ਆਮ ਸੰਕਰਮਣ ਹੈ, 85-90 ਫੀਸਦ ਲੋਕਾਂ ਵਿੱਚ ਇਹ ਆਮ ਬੁਖਾਰ, ਜ਼ੁਕਾਮ ਹੁੰਦਾ ਹੈ ਤਾਂ ਉਸਨੂੰ ਆਕਸੀਜਨ ਜਾਂ ਰੈਮਡੈਸੀਵਰ ਦੀ ਜ਼ਰੂਰਤ ਨਹੀਂ ਪੈਂਦੀ ਹੈ।

ਮੇਦਾਂਤਾ ਹਸਪਤਾਲ ਦੇ ਚੇਅਰਮੈਨ ਡਾ.ਨਰੇਸ਼ ਤ੍ਰੇਹਨ ਨੇ ਕਿਹਾ ਕਿ ਸਾਡੇ ਸਟੀਲ ਪਲਾਂਟ ਦੀ ਆਕਸੀਜਨ ਦੀ ਬਹੁਤ ਸਮਰੱਥਾ ਹੈ ਪਰ ਉਸਨੂੰ ਟਰਾਂਸਪੋਰਟ ਕਰਨ ਦੇ ਲਈ ਕ੍ਰਾਇਓ ਟੈਂਕ ਦੀ ਜ਼ਰੂਰਤ ਹੁੰਦੀ ਹੈ, ਜਿਸਦੀ ਗਿਣਤੀ ਜ਼ਿਆਦਾ ਨਹੀਂ ਹੈ। ਪਰ ਸਰਕਾਰ ਨੇ ਇਨ੍ਹਾਂ ਨੂੰ ਬਰਾਮਦ ਕਰ ਲਿਆ ਹੈ। ਆਉਣ ਵਾਲੇ 5-7 ਦਿਨਾਂ ਵਿੱਚ ਸਥਿਤੀ ਕਾਬੂ ਵਿੱਚ ਆਉਣ ਦੀ ਉਮੀਦ ਹੈ।

ਉਨ੍ਹਾਂ ਨੇ ਕਿਹਾ ਕਿ ਯੋਗਾ ਕਰੋਨਾ ਮਹਾਂਮਾਰੀ ਦੌਰਾਨ ਸਾਡੇ ਸਰੀਰ ਲਈ ਬਹੁਤ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿੱਚ ਇਕਾਂਤਵਾਸ ਲਈ ਸਹੀ ਸਥਿਤੀ ਨਹੀਂ ਹੈ, ਉਨ੍ਹਾਂ ਲਈ ਅਸੀਂ ਆਪਣੇ ਹਸਪਤਾਲਾਂ ਦੇ ਨੇੜੇ ਹੀ ਇਕਾਂਤਵਾਸ ਲਈ ਪ੍ਰਬੰਧ ਕਰ ਦਿੱਤਾ ਹੈ।

ਹੈਲਥ ਸਰਵਿਸ ਦੇ ਡਾਇਰੈਕਟਰ ਜਨਰਲ ਡਾ.ਸੁਨੀਲ ਕੁਮਾਰ ਨੇ ਕਿਹਾ ਕਿ ਇਸ ਸਾਲ ਸੰਕਰਮਣ ਦੇ ਫੈਲਣ ਦੇ ਦੋ ਮੁੱਖ ਕਾਰਨ ਹੈ, ਇੱਕ ਤਾਂ ਅਸੀਂ ਕੋਵਿਡ ਦੇ ਸਹਿਜ ਵਿਵਹਾਰ ਨੂੰ ਭੁੱਲ ਗਏ ਹਾਂ ਭਾਵ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਵਿੱਚ ਢਿੱਲ ਕਰ ਦਿੱਤੀ ਹੈ। ਅਸੀਂ ਵੈਕਸੀਨ ਨੂੰ ਅਪਣਾਇਆ ਨਹੀਂ। ਵੈਕਸੀਨ ਕਰੋਨਾ ਸੰਕਰਮਣ ਦੀ ਚੈਨ ਨੂੰ ਤੋੜੇਗੀ।

ਏਮਸ ਦੇ ਮੈਡੀਸਨ ਦੇ ਹੈੱਡ ਡਾ. ਨਵਨੀਤ ਨੇ ਕਿਹਾ ਕਿ ਦਿੱਲੀ ਵਿੱਚ ਅੱਜ ਪਾਜ਼ੀਟਿਵਿਟੀ ਰੇਟ 30 ਪ੍ਰਤੀਸ਼ਤ ਹੈ, ਮੁੰਬਈ ਵਿੱਚ ਇੱਕ ਦਿਨ 26 ਪ੍ਰਤੀਸ਼ਤ ਰੇਟ ਸੀ ਅਤੇ ਜਦੋਂ ਮੁੰਬਈ ਵਿੱਚ ਸਖਤ ਪਾਬੰਦੀਆਂ ਲਗਾਈਆਂ ਗਈਆਂ ਤਾਂ ਪਾਜ਼ੀਟਿਵਿਟੀ ਰੇਟ 14 ਪ੍ਰਤੀਸ਼ਤ ਹੋ ਗਿਆ। ਸਾਨੂੰ ਸਖਤ ਪਾਬੰਦੀਆਂ ਲਾਉਣੀਆਂ ਪੈਣਗੀਆਂ।