‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲੇ ਦੇ ਜੰਗੀਪੁਰ ਦੇ ਇਕ ਸਰਕਾਰੀ ਹਸਪਤਾਲ ਵਿਚ ਲੋਕ ਕੋਰੋਨਾ ਵਾਇਰਸ ਟੈਸਟ ਲਈ ਖੁਦ ਹੀ ਆਪਣਾ ਸਵੈਬ ਸੈਂਪਲ ਜਮ੍ਹਾ ਕਰਦੇ ਮਿਲੇ ਹਨ। ਜਾਣਕਾਰੀ ਅਨੁਸਾਰ ਇਸ ਸਮੇਂ ਦੌਰਾਨ ਹਸਪਤਾਲ ਦਾ ਕੋਈ ਸਟਾਫ਼ ਮੌਕੇ ‘ਤੇ ਮੌਜੂਦ ਨਹੀਂ ਸੀ। ਇਸਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਵਿਭਾਗ ਨੇ ਜੰਗੀਪੁਰ ਹਸਪਤਾਲ ਤੋਂ ਜਵਾਬ ਮੰਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਆਪਣੇ ਗਲੇ ਵਿਚੋਂ ਆਪ ਹੀ ਸਵੈਬ ਲੈਂਦੇ ਵੇਖੇ ਗਏ। ਫਿਰ ਸਲਾਇਵਾ ਜਮ੍ਹਾ ਕਰਨ ਤੋਂ ਬਾਅਦ, ਇਸ ਨੂੰ ਇਕ ਟਿਊਬ ਵਿਚ ਵੀ ਰੱਖ ਰਹੇ ਸਨ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਬੁਲੇਟਿਨ ਦੇ ਅਨੁਸਾਰ, ਇੱਕ ਦਿਨ ਵਿੱਚ ਹੀ ਕੋਰੋਨਾ ਦੇ ਵੱਧ ਤੋਂ ਵੱਧ 14,281 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਇਸ ਲਾਗ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਕੇ 7,28,061 ਹੋ ਗਈ ਹੈ। ਬੁਲੇਟਿਨ ਦੇ ਅਨੁਸਾਰ ਲਾਗ ਦੇ ਕਾਰਨ 59 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਕੁੱਲ ਗਿਣਤੀ 10,884 ਹੋ ਗਈ।