India

ਲਖਨਊ ਦੇ ਦੋ ਵੱਡੇ ਹਸਪਤਾਲਾਂ ਨੇ ਮਿੰਟਾਂ ‘ਚ ਸੁਕਾਏ ਮਰੀਜ਼ਾਂ ਦੇ ਸਾਹ, ਪੜ੍ਹੋ ਪਰੇਸ਼ਾਨ ਕਰਨ ਵਾਲੇ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਜ਼ਰਾ ਸੋਚ ਕੇ ਦੇਖੋ ਕਿ ਤੁਹਾਡੇ ਪੇਸ਼ੈਂਟ ਲਈ ਅਚਾਨਕ ਹਸਪਤਾਲ ਬਿਆਨ ਜਾਰੀ ਕਰਕੇ ਇਹ ਕਹਿ ਦੇਵੇ ਕਿ ਆਪਣਾ ਮਰੀਜ਼ ਜਿੱਥੇ ਲੈ ਕੇ ਜਾਣਾ ਚਾਹੋ, ਲੈ ਜਾਓ, ਅਸੀਂ ਆਪਣੀਆਂ ਕਮੀਆਂ ਕਾਰਨ ਇਲਾਜ ਨਹੀਂ ਕਰ ਸਕਦੇ। ਹਸਪਤਾਲਾਂ ਦੇ ਧੱਕੇ ਖਾ ਰਹੇ ਇਨਸਾਨ ‘ਤੇ ਇਹ ਬਿਆਨ ਕੀ ਅਸਰ ਕਰਦਾ ਹੈ, ਇਹ ਉਹੀ ਜਾਣਦਾ ਹੈ। ਤੇ ਉਸ ਤੋਂ ਵੀ ਖੌਫਨਾਕ ਸਥਿਤੀ ਉਦੋਂ ਹੁੰਦੀ ਹੈ ਜਦੋਂ ਮਰੀਜ਼ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਜਾਂ ਮੁਕੰਮਲ ਤੌਰ ‘ਤੇ ਇਸਦੇ ਖਤਮ ਹੋਣ ਕਾਰਨ ਆਪਣਾ ਬਿਸਤਰਾ ਲਪੇਟਣ ਲਈ ਮਜ਼ਬੂਰ ਹੋ ਜਾਂਦਾ ਹੈ। ਆਕਸੀਨ ਅਜਿਹਾ ਚੀਜ਼ ਹੈ ਜੋ ਮਰੀਜ਼ ਨੂੰ ਮਿੰਟਾਂ ਵਿੱਚ ਜ਼ਿੰਦਗੀ ਅਤੇ ਮੌਤ ਵਿਚਾਲੇ ਲਟਕਾ ਸਕਦੀ ਹੈ।

ਕੋਰੋਨਾ ਦੇ ਕਹਿਰ ਦਰਮਿਆਨ ਲਖਨਊੂ ਦੇ ਦੋ ਵੱਡੇ ਹਸਪਤਾਲਾਂ ਨੇ ਇਹੋ ਜਿਹੇ ਹੈਰਾਨ ਕਰਨ ਵਾਲੇ ਬਿਆਨ ਜਾਰੀ ਕੀਤੇ ਹਨ। ਇਸ ਸ਼ਾਹੀ ਸ਼ਹਿਰ ਦੇ ਮੇਓ ਅਤੇ ਮੇਕਵੈਲ ਸਣੇ ਤਮਾਮ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਤਕਰੀਬਨ ਖਤਮ ਹੋ ਗਈ ਹੈ। ਇਹ ਇਨ੍ਹਾਂ ਹਸਪਤਾਲਾਂ ਵੱਲੋਂ ਜਾਰੀ ਬਿਆਨਾਂ ਵਿੱਚ ਕਿਹਾ ਜਾ ਰਿਹਾ ਹੈ। ਇਨ੍ਹਾਂ ਹਸਪਤਾਲਾਂ ਦੇ ਬਿਆਨ ਵਿੱਚ ਜੋ ਪਰੇਸ਼ਾਨ ਕਰਨ ਵਾਲੀ ਗੱਲ ਹੈ, ਉਹ ਇਹ ਹੈ ਕਿ ਹਸਪਤਾਲ ਨੇ ਮਰੀਜ਼ਾਂ ਦੇ ਤੀਮਾਰਦਾਰਾਂ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਆਪਣੇ ਆਪਣੇ ਮਰੀਜ਼ ਘਰੇ ਲੈ ਜਾਓ।

ਮੋਓ ਹਸਪਤਾਲ ਨੇ ਲਖਨਊ ਦੇ ਮੁੱਖ ਮੈਡੀਕਲ ਅਫਸਰ ਦੇ ਨਾਂ ਪੱਤਰ ਲਿਖ ਕੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ। ਗੋਮਤੀ ਨਗਰ ਸਥਿਤ ਇਹ ਹਸਪਤਾਲ ਆਕਸੀਜਨ ਦੀ ਸਪਲਾਈ ਦੀ ਘਾਟ ਨਾਲ ਜੂਝ ਰਿਹਾ ਹੈ। ਇਹ ਉਹੀ ਆਕਸੀਜਨ ਹੈ ਜੋ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਣੀ ਹੈ। ਹਸਪਤਾਲ ਨੇ ਕਿਹਾ ਹੈ ਕਿ ਸਾਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਰੋਜ਼ਾਨਾ 400 ਸਿਲੈਂਡਰ ਮਿਲਣਗੇ ਪਰ ਸਪਲਾਈ ਕਰਨ ਵਾਲੇ ਕੇਂਦਰ ਅਜਿਹਾ ਕਰਨ ਵਿੱਚ ਉਮੀਦਾਂ ‘ਤੇ ਖਰਾ ਨਹੀਂ ਉਤਰ ਰਹੇ। ਹਸਪਤਾਲ ਨੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਆਪਣੀਆਂ ਕੋਸ਼ਿਸਾਂ ਦੇ ਬਾਵਜੂਦ ਸਿਰਫ 15 ਮਿੰਟ ਦਾ ਬੈਕਅਪ ਹੀ ਰੱਖ ਸਕਦੇ ਹਾਂ। ਪਰ ਫਿਕਰ ਵਾਲੀ ਗੱਲ ਹੈ ਕਿ ਲਖਨਊ ਵਿੱਚ ਕਿਤੇ ਵੀ ਆਕਸੀਜਨ ਨਹੀਂ ਹੈ।


ਹਸਪਤਾਲ ਨੇ ਤਾਂ ਇੱਥੋਂ ਤੱਕ ਮੰਗ ਕਰ ਦਿੱਤੀ ਹੈ ਕਿ ਸਾਡੇ ਹਸਪਤਾਲ ਵਿੱਚ ਭਰਤੀ ਮਰੀਜਾਂ ਨੂੰ ਕਿਸੇ ਹੋਰ ਵੱਡੇ ਸੈਂਟਰ ਵਿਚ ਸ਼ਿਫਟ ਜਾਂ ਰੈਫਰ ਕਰਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਨ੍ਹਾਂ ਮਰੀਜ਼ਾਂ ਨੂੰ ਨਿਰੰਤਰ ਆਕਸੀਜਨ ਦੀ ਸਪਲਾਈ ਹੋ ਸਕੇ। ਹਸਪਤਾਲ ਨੇ ਬਿਨਾਂ ਦੇਰੀ ਆਪਣੇ ਲਈ ਵੀ ਆਕਸੀਜਨ ਦੀ ਸਪਲਾਈ ਮੰਗੀ ਹੈ। ਅਖੀਰ ਵਿੱਚ ਹਸਪਤਾਲ ਨੇ ਵੀ ਪੱਲਾ ਝਾੜਦਿਆਂ ਸਿੱਧਾ ਕਹਿ ਦਿੱਤਾ ਹੈ ਕਿ ਜੇਕਰ ਆਕਸੀਜਨ ਦੀ ਘਾਟ ਨਾਲ ਕਿਸੇ ਮਰੀਜ਼ ਨਾਲ ਕੁੱਝ ਵਾਪਰਦਾ ਹੈ ਤਾਂ ਹਸਪਤਾਲ ਪ੍ਰਸ਼ਾਸਨ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ।
ਇਸੇ ਤਰ੍ਹਾਂ ਇਕ ਹੋਰ ਹਸਪਤਾਲ ਨੇ ਵੀ ਇਹੋ ਜਿਹਾ ਹੀ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਬਿਆਨ ਜਾਰੀ ਕੀਤਾ ਹੈ। ਫੌਰੀ ਐਲਾਨ ਕਰਦੇ ਹੋਏ ਮੈਕ ਵੈਲ ਨਾਂ ਦੇ ਇਸ ਹਸਪਤਾਲ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਨੂੰ ਮੁੜ ਤੋਂ ਬੇਨਤੀ ਕਰਦਿਆਂ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਜ਼ਰੂਰਤ ਅਨੁਸਾਰ ਆਕਸੀਜਨ ਦੀ ਸਪਲਾਈ ਨਹੀਂ ਮਿਲ ਰਹੀ ਹੈ। ਇਸ ਲਈ ਅਸੀਂ ਆਕਸੀਜਨ ਦੇ ਆਸਰੇ ਇਲਾਜ਼ ਕਰਵਾ ਰਹੇ ਉਨ੍ਹਾਂ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਮਰੀਜਾਂ ਨੂੰ ਕਿਸੇ ਹੋਰ ਵੱਡੇ ਕੇਂਦਰ ਲੈ ਜਾਣ। ਅਸੀਂ ਇਸ ਲਈ ਅਸੁਵਿਧਾ ਲਈ ਖੇਦ ਮਹਿਸੂਸ ਕਰਦੇ ਹਾਂ।