‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਵਿੱਚ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਉਸ ਦੇ ਸਾਥੀ ਵਕੀਲਾਂ ਦੀ ਕਾਰਗੁਜ਼ਾਰੀ ‘ਤੇ ਨਿਸ਼ਾਨੇ ਕੱਸੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਬਹਿਬਲ ਕਲਾ ਗੋਲੀਕਾਂਡ ਮਾਮਲੇ ਵਿੱਚ ਨਵੀਂ ਐੱਸਆਈਟੀ ਦੀ ਕੋਈ ਮਦਦ ਨਹੀਂ ਕਰਨਗੇ। ਇਸ ਕੇਸ ਦਾ ਹੁਣ ਕੋਈ ਸਿੱਟਾ ਨਹੀਂ ਨਿਕਲੇਗਾ।
ਏਜੀ ਅਤੁਲ ਨੰਦਾ ਪੇਸ਼ੀ ਮੌਕੇ ਚਲੇ ਜਾਂਦੇ ਸਨ ਛੁੱਟੀ – IG
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਏਜੀ ਅਤੁਲ ਨੰਦਾ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਏਜੀ ਅਤੁਲ ਨੰਦਾ ਕੇਸ ਦੀ ਪੇਸ਼ੀ ਮੌਕੇ ਛੁੱਟੀ ਚਲੇ ਜਾਂਦੇ ਸਨ। ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਦੇ ਕਹਿਣ ਮਗਰੋਂ ਵੀ ਏਜੀ ਅਤੁਲ ਨੰਦਾ ਅਦਾਲਤ ਨਹੀਂ ਗਏ’।
ਫੂਲਕਾ ਦੀ ਅਣਖ ਨੇ ਹਰਾਇਆ ਕੇਸ – IG ਵਿਜੇ ਪ੍ਰਤਾਪ
ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਰਬਉੱਚ ਅਦਾਲਤ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦੀ ਬਹਿਬਲ ਕਲਾ ਗੋਲੀਕਾਂਡ ਮਾਮਲੇ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਰਵਿੰਦਰ ਸਿੰਘ ਫੂਲਕਾ ਨੇ ਹਾਈਕੋਰਟ ਵਿੱਚ ਕੇਸ ਲੜਨ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ‘ਜਦੋਂ ਫੂਲਕਾ ਵੱਲੋਂ ਅਖਬਾਰ ਵਿੱਚ ਬਿਆਨ ਦਿੱਤਾ ਗਿਆ ਕਿ ਉਹ ਮੁਫ਼ਤ ਕੇਸ ਲੜਨਗੇ ਤਾਂ ਮੈਂ ਖ਼ੁਦ ਫੂਲਕਾ ਨੂੰ ਸੰਪਰਕ ਕੀਤਾ ਅਤੇ ਕੇਸ ਬਾਰੇ ਸਾਰੇ ਦਸਤਾਵੇਜ਼ ਅਤੇ ਜਾਣਕਾਰੀ ਪ੍ਰਦਾਨ ਕੀਤੀ। ਫੂਲਕਾ ਨੂੰ ਮੈਂ ਚਲਾਨ ਦੀ ਕਾਪੀ ਵੀ ਭੇਜੀ। ਫੂਲਕਾ ਉਹ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਮੈਂ ਸਾਰਾ ਰਿਕਾਰਡ ਮੁਹੱਈਆ ਕਰਵਾਇਆ। ਮੈਨੂੰ ਉਨ੍ਹਾਂ ਤੋਂ ਇਸ ਕੇਸ ਬਾਰੇ ਇੱਕ ਆਸ ਬੱਝੀ ਸੀ ਕਿਉਂਕਿ ਉਨ੍ਹਾਂ ਦਾ ਅਖਬਾਰ ਵਿੱਚ ਮੁਫਤ ਕੇਸ ਲੜਨ ਦਾ ਬਿਆਨ ਆਇਆ ਸੀ। ਫੂਲਕਾ ਨੇ ਇੱਕ ਅਖਬਾਰ ਵਿੱਚ ਕਿਹਾ ਸੀ ਕਿ ਮੈਂ ਇਨ੍ਹਾਂ ਕੇਸਾਂ ਦੀ ਮੁਫਤ ਪੈਰਵਾਈ ਕਰਾਂਗਾ। ਪਰ ਜਦੋਂ ਮੈਂ ਉਨ੍ਹਾਂ ਨੂੰ ਇਸ ਕੇਸ ਦੀ ਪੈਰਵਾਈ ਕਰਨ ਬਾਰੇ ਕਿਹਾ ਤਾਂ ਉਨ੍ਹਾਂ ਦਾ ਇੱਕੋ ਜਵਾਬ ਸੀ ਕਿ ਮੈਂ ਸੁਪਰੀਮ ਕੋਰਟ ਤੋਂ ਥੱਲੇ ਹਾਂ, ਮੈਂ ਪ੍ਰਕਟਿਸ ਨਹੀਂ ਕਰਦਾ। ਉਨ੍ਹਾਂ ਕਿਹਾ ਸੀ ਕਿ ਮੈਂ ਸੁਪਰੀਮ ਕੋਰਟ ਤੋਂ ਹੇਠਾਂ ਕੇਸ ਨਹੀਂ ਲੜਦਾ।
ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸੁਪਰੀਮ ਕੋਰਟ, ਹਾਈਕੋਰਟ ਦਾ ਮਸਲਾ ਨਹੀਂ ਹੈ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਹੋਈ ਫਾਇਰਿੰਗ ਦਾ ਮਸਲਾ ਹੈ। ਇਨਸਾਫ ਦੇ ਮੰਦਰ ਦਾ ਕੋਈ ਦਰਜਾ ਨਹੀਂ ਹੁੰਦਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਇੱਕ ਵਾਰ ਵੀ ਫਰੀਦਕੋਟ ਦੀ ਅਦਾਲਤ ਵਿੱਚ ਆ ਕੇ ਕਹਿ ਦਿੱਤਾ ਕਿ ਮੈਂ ਚਾਹੁੰਦਾ ਹਾਂ ਕਿ ਇਹ ਜੋ ਜਾਂਚ ਦਾ ਕੰਟੈਂਟ ਹੈ, ਇਸ ‘ਤੇ ਤੁਸੀਂ ਬਹਿਸ ਕਰ ਲਉ ਤਾਂ ਇਸ ਕੇਸ ਦੀ ਸੁਣਵਾਈ ਹੋਵੇਗੀ ਕਿਉਂਕਿ ਤੁਹਾਡਾ ਇੱਕ ਰੁਤਬਾ ਹੈ, ਤੁਹਾਡੇ ਕਹਿਣ ‘ਤੇ ਕੇਸ ਦੀ ਸੁਣਵਾਈ ਜ਼ਰੂਰ ਹੋਵੇਗੀ। ਮੈਨੂੰ ਫੂਲਕਾ ਤੋਂ ਬਹੁਤ ਉਮੀਦ ਸੀ ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਜਿਸ ਵਕੀਲ ਦੀ ਉਨ੍ਹਾਂ ਨੇ ਡਿਊਟੀ ਲਗਾਈ, ਉਸਨੇ ਸਾਡੇ ਖਿਲਾਫ ਹੀ ਕੰਮ ਕਰ ਦਿੱਤਾ। ਉਹ ਮੀਡੀਆ ਵਿੱਚ ਦੋਸ਼ੀਆਂ ਦੇ ਪੱਖ ਵਿੱਚ ਹੀ ਬਿਆਨ ਦੇ ਰਹੇ ਸਨ। ਮੈਨੂੰ ਬਹੁਤ ਨਿਰਾਸ਼ਾ ਹੋਈ।
ਮੈਂ ਫੂਲਕਾ ਨੂੰ ਫੋਨ ਕਰਕੇ ਕਿਹਾ ਕਿ ਫੂਲਕਾ ਜੀ, ਮੇਰੇ ਅਸਤੀਫੇ ਦੇ ਸਭ ਤੋਂ ਪਹਿਲੇ ਜ਼ਿੰਮੇਵਾਰ ਤੁਸੀਂ ਹੀ ਹੋ। ਮੈਂ ਫੂਲਕਾ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਵਾਸਤੇ ਆਖਰੀ ਉਮੀਦ ਹੋ, ਜੇ ਤੁਸੀਂ ਪੈਰਵਾਈ ਨਹੀਂ ਕਰਦੇ, ਤਾਂ ਮੈਨੂੰ ਨੌਕਰੀ ਛੱਡਣੀ ਪਵੇਗੀ ਅਤੇ ਮੈਂ ਬਤੌਰ ਵਕੀਲ ਗੋਲੀਕਾਂਡ ਦਾ ਕੇਸ ਲੜਾਂਗਾ ਅਤੇ ਕੇਸ ਨੂੰ ਜ਼ਰੂਰ ਵਧਾਵਾਂਗਾ। ਮੇਰੀ ਇਸ ਗੱਲ ਤੋਂ ਬਾਅਦ ਫੂਲਕਾ ਨੇ ਇੱਕ ਹੋਰ ਵੱਡੇ ਵਕੀਲ ਦਾ ਨਾਂ ਲਿਆ। ਫੂਲਕਾ ਦੀ ਇਹ ਇੱਕ ਅਣਖ ਹੈ ਕਿ ਉਹ ਸੁਪਰੀਮ ਕੋਰਟ ਤੋਂ ਥੱਲੇ ਨਹੀਂ ਜਾ ਸਕਦੇ। ਮੈਂ ਉਨ੍ਹਾਂ ਨਾਲ ਇਸ ਮਾਮਲੇ ਵਿੱਚ ਹਮੇਸ਼ਾ ਸੰਪਰਕ ਵਿੱਚ ਰਿਹਾ ਪਰ ਹੁਣ ਮੈਂ ਅਸਤੀਫਾ ਦੇ ਦਿੱਤਾ ਹੈ। ਹੁਣ ਮੈਂ ਉਨ੍ਹਾਂ ਨੂੰ ਗੋਲੀਕਾਂਡ ਕੇਸਾਂ ਬਾਰੇ ਨਹੀਂ ਬੋਲਣ ਦਿਆਂਗਾ। ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਜੇ ਹੁਣ ਉਹ ਇਸ ਕੇਸ ਬਾਰੇ ਆਪਣਾ ਕੋਈ ਵੀ ਬਿਆਨ ਜਾਂ ਕਿਸੇ ਲੀਡਰ ਨੂੰ ਕੋਈ ਚਿੱਠੀ ਲਿਖਦੇ ਹਨ ਤਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਵੇਗਾ। ਇਸ ਕਰਕੇ ਮੈਂ ਫੂਲਕਾ ਨੂੰ ਕਿਹਾ ਹੈ ਕਿ ਹੁਣ ਤੁਸੀਂ ਇਸ ਕੇਸ ਵਿੱਚ ਚੁੱਪ ਹੋ ਜਾਉ’।
ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ‘ਮੈਰਿਟ ‘ਤੇ ਕਿਸੇ ਨੇ ਬਹਿਸ ਹੀ ਨਹੀਂ ਕੀਤੀ ਅਤੇ ਕੇਸ ਰੱਦ ਹੋ ਗਿਆ। ਫੂਲਕਾ ਦੇ ਸਿਰਫ ਹਾਈਕੋਰਟ ਵਿੱਚ ਪੇਸ਼ ਨਾ ਹੋਣ ਕਰਕੇ ਕੇਸ ਰੱਦ ਹੋ ਗਿਆ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਸੀ। ਮੈਂ ਹਰ ਬੂਹਾ ਖੜਕਾਇਆ ਪਰ ਕੋਈ ਮਦਦ ਨਹੀਂ ਮਿਲੀ। ਮੇਰੇ ਕੋਲ ਫੂਲਕਾ ਬਾਰੇ ਦੱਸਣ ਲਈ ਹੋਰ ਵੀ ਬਹੁਤ ਕੁੱਝ ਹੈ ਪਰ ਜੇਕਰ ਉਹ ਚੁੱਪ ਨਹੀਂ ਬੈਠਦੇ ਤਾਂ ਮੈਂ ਉਨ੍ਹਾਂ ਬਾਰੇ ਹੋਰ ਖੁਲਾਸੇ ਕਰਾਂਗਾ। ਮੈਂ ਉਨ੍ਹਾਂ ਨੂੰ ਫਿਰ ਫੋਨ ਕਰਕੇ ਕਹਾਂਗਾ ਕਿ ਉਹ ਇਸ ਮਾਮਲੇ ਬਾਰੇ ਕੁੱਝ ਨਾ ਬੋਲਣ’।
ਵਕੀਲਾਂ ਦੇ ਝੱਲਣੇ ਪਏ ਨਖਰੇ – IG
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਕੇਸ ਵਿੱਚ ਸ਼ਾਮਿਲ ਵਕੀਲਾਂ ‘ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਵਕੀਲਾਂ ਦੀ ਇੱਕ ਦਿਨ ਦੀ ਫੀਸ ਮੇਰੀ ਤਿੰਨ ਸਾਲਾਂ ਦੀ ਤਨਖਾਹ ਦੇ ਬਰਾਬਰ ਹੈ। ਵਕੀਲਾਂ ‘ਤੇ ਇੱਕ ਦਿਨ ਵੱਚ 55 ਲੱਖ ਰੁਪਏ ਖਰਚੇ ਗਏ। ਮੈਨੂੰ ਸਰਕਾਰੀ ਵਕੀਲਾਂ ਨੇ ਬਹੁਤ ਟੋਰਚਰ ਕੀਤਾ। ਵਕੀਲਾਂ ਨੂੰ 5 ਤਾਰਾ ਹੋਟਲਾਂ ਵਿੱਚ ਠਹਿਰਾਇਆ ਗਿਆ’।
ਚਲਾਨ ਰੱਦ ਕਰਨਾ ਦੱਸਿਆ ਬੇਵਜ੍ਹਾ
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਜਾਂਚ ਉਨ੍ਹਾਂ ਨੇ ਕੀਤੀ ਹੈ, ਉਸ ਤਰ੍ਹਾਂ ਦੀ ਜਾਂਚ ਤਾਂ ਸੀਬੀਆਈ ਵੀ ਨਹੀਂ ਕਰ ਸਕਦੀ ਕਿਉਂਕਿ ਕਿਸੇ ਵਿੱਚ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਜਾਂਚ ਰਿਪੋਰਟ ਨੂੰ ਰੱਦ ਕਰਨ ਦਾ ਇੱਕ ਕਾਰਨ ਬਹੁਤ ਜ਼ਿਆਦਾ ਉਭਾਰਿਆ ਜਾ ਰਿਹਾ ਹੈ ਕਿ ਜਾਂਚ ਰਿਪੋਰਟ ਵਿੱਚ ਸਿਰਫ ਇੱਕ ਅਫਸਰ ਦੇ ਹੀ ਦਸਤਖਤ ਹਨ, ਜੋ ਕਿ ਮੈਂ ਕੀਤੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਲਹਿਰਾਂ ਚੱਲੀਆਂ, ਉਨ੍ਹਾਂ ਦੇ ਚਲਾਨਾਂ ਜਾਂ ਦਸਤਾਵੇਜ਼ਾਂ ਵਿੱਚ ਕਿਸੇ ਵੀ ਇੱਕ ਵਿੱਚ ਮੈਨੂੰ ਵਿਖਾਇਆ ਜਾਵੇ ਕਿ ਉਨ੍ਹਾਂ ਵਿੱਚ ਇੱਕ ਤੋਂ ਵੱਧ ਲੋਕਾਂ ਦੇ ਦਸਤਖਤ ਹਨ। ਇਹ ਤਾਂ ਕੋਈ ਮੁੱਦਾ ਹੀ ਨਹੀਂ ਸੀ, ਜਿਸਨੂੰ ਇੰਨਾ ਉਭਾਰਿਆ ਜਾ ਰਿਹਾ ਹੈ। ਐੱਸਆਈਟੀ ਦਾ ਭਾਵੇਂ ਕੋਈ ਵੀ ਇੱਕ ਮੈਂਬਰ ਚਲਾਨ ‘ਤੇ ਦਸਤਖਤ ਕਰ ਦੇਵੇ, ਉਹ ਵੀ ਹਾਈਕੋਰਟ ਵਿੱਚ ਕਬੂਲ ਹੋ ਜਾਂਦਾ ਹੈ। ਚਲਾਨ ਬਿਲਕੁਲ ਸਹੀ ਪਾਇਆ ਗਿਆ ਹੈ।
ਫੂਲਕਾ ਦਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਜਵਾਬ
ਸਰਬਉੱਚ ਅਦਾਲਤ ਦੇ ਸੀਨੀਅਰ ਵਕੀਲ ਅਤੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਉਨ੍ਹਾਂ ’ਤੇ ਲਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ। ਫੂਲਕਾ ਨੇ ਕਿਹਾ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਖ਼ਿਲਾਫ਼ ਕੁੱਝ ਵੀ ਨਹੀਂ ਬੋਲਣਾ ਚਾਹੁੰਦੇ ਕਿਉਂਕਿ ਉਹ ਇਹ ਮੰਨਦੇ ਹਨ ਕਿ ਜੇਕਰ ਇਸ ਮਾਮਲੇ ਵਿੱਚ ਦੋਵਾਂ ਦਾ ਝਗੜਾ ਹੋ ਜਾਂਦਾ ਹੈ ਤਾਂ ਇਸ ਦਾ ਲਾਹਾ ਵਿਰੋਧੀਆਂ ਅਤੇ ਮੁਲਜ਼ਮਾਂ ਨੂੰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਰਲ ਕੇ ਇਸ ਕੇਸ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਇਸ ਕੇਸ ਦੇ ਪੀੜਤ ਧਿਰ ਵੱਲੋਂ ਇੱਕ ਵਿਅਕਤੀ ਉਨ੍ਹਾਂ ਨੂੰ ਮਿਲਣ ਜ਼ਰੂਰ ਆਇਆ ਸੀ, ਜਿਸ ਨੇ ਇਸ ਕੇਸ ਦੇ ਕਾਗਜ਼ ਉਨ੍ਹਾਂ ਨੂੰ ਸੌਂਪੇ ਸਨ ਅਤੇ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਕਾਗ਼ਜ਼ ਫੂਲਕਾ ਨੂੰ ਸੌਂਪਣ ਲਈ ਕਿਹਾ ਹੈ।