India Punjab

ਮੋਦੀ ਨੇ ਲਾਕਡਾਊਨ ਨੂੰ ਦੱਸਿਆ ਆਖਰੀ ਰਾਹ, ਡਾਕਟਰਾਂ ਦਾ ਕੀਤਾ ਧੰਨਵਾਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਕੱਲ੍ਹ ਸਾਰੇ ਦੇਸ਼ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਾਵਧਾਨ ਕਰਦਿਆਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਤੂਫ਼ਾਨ ਬਣ ਕੇ ਆਈ ਹੈ। ਮੋਦੀ ਨੇ ਕਿਹਾ ਕਿ ਦੇਸ਼ ਨੂੰ ਕੋਵਿਡ-19 ਖ਼ਿਲਾਫ਼ ਮੁੜ ਤੋਂ ਵੱਡੀ ਜੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ ਕੁੱਝ ਦਿਨਾਂ ’ਚ ਲਏ ਗਏ ਫ਼ੈਸਲਿਆਂ ਨਾਲ ਹਾਲਾਤ ’ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਲੌਕਡਾਊਨ ਸਭ ਤੋਂ ਆਖਰੀ ਰਾਹ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਤਕਲੀਫ਼ ’ਚ ਹਨ ਪਰ ‘ਸਾਨੂੰ ਆਪਣੀ ਪੂਰੀ ਤਾਕਤ ਨਾਲ ਲੜਨ ਦੀ ਲੋੜ ਹੈ।’ ਮੋਦੀ ਨੇ ਲੋਕਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਕਰੋਨਾਵਾਇਰਸ ਨੂੰ ਮਾਤ ਦੇਣ ਦਾ ਭਰੋਸਾ ਜਤਾਇਆ। ਮੋਦੀ ਨੇ ਡਾਕਟਰਾਂ ਅਤੇ ਸਾਰੇ ਸਿਹਤ ਸੰਭਾਲ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੋਵਿਡ-19 ਮਹਾਂਮਾਰੀ ਖ਼ਿਲਾਫ਼ ਜੰਗ ’ਚ ਬਿਨਾਂ ਰੁਕੇ ਸਾਥ ਦੇ ਰਹੇ ਹਨ।’’

ਮੋਦੀ ਦੇ ਭਾਸ਼ਣ ਦੀਆਂ ਖ਼ਾਸ ਗੱਲਾਂ

  • ਸੂਬਾ ਸਰਕਰਾਂ ਲੌਕਡਾਊਨ ਨੂੰ ਅੰਤਮ ਵਿਕਲਪ ਮੰਨਣ।
  • ਲੌਕਡਾਊਨ ਆਖਰੀ ਬਦਲ ਹੋਣਾ ਚਾਹੀਦਾ ਹੈ ਅਤੇ ਸਾਰਾ ਧਿਆਨ ਮਾਈਕਰੋ-ਕੰਟੇਨਮੈਂਟ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ।
  • ਜੇਕਰ ਅਸੀਂ ਸਾਰੇ ਕੋਵਿਡ-19 ਪ੍ਰੋਟੋਕੋਲ ਦਾ ਪਾਲਣ ਕਰਦੇ ਹਾਂ ਤਾਂ ਲੌਕਡਾਊਨ ਲਗਾਉਣ ਦੀ ਲੋੜ ਨਹੀਂ ਪਵੇਗੀ।
  • ਲੋਕ ਘਰਾਂ ਤੋਂ ਬਾਹਰ ਲੋੜ ਪੈਣ ’ਤੇ ਹੀ ਨਿਕਲਣ ਅਤੇ ਕਰੋਨਾ ਤੋਂ ਬਚਾਅ ਦੇ ਟੀਕੇ ਲਗਵਾਉਣ।
  • ਅੱਜ ਦੁਨੀਆ ਦੀ ਸਭ ਤੋਂ ਸਸਤੀ ਵੈਕਸੀਨ ਭਾਰਤ ਵਿੱਚ ਹੈ।
  • ਭਾਰਤੀ ਵੈਕਸੀਨ ਸਨਅਤ ਦੀ ਸਭ ਤੋਂ ਵੱਡੀ ਤਾਕਤ ‘ਸਮਰੱਥਾ, ਸੰਸਾਧਨ ਅਤੇ ਸੇਵਾ ਭਾਵ’ ਹੈ, ਜਿਸ ਕਾਰਨ ਉਹ ਦੁਨੀਆ ’ਚ ਵੈਕਸੀਨ ਲੀਡਰ ਬਣ ਗਏ ਹਨ।
  • ਹਸਪਤਾਲਾਂ ਵਿੱਚ ਬੈੱਡ ਦੀ ਕਮੀ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
  • ਆਕਸੀਜਨ ਸਿਲੰਡਰਾਂ ਦੀ ਘਾਟ ਵੱਡੀ ਸਮੱਸਿਆ ਬਣੀ ਹੈ ਅਤੇ ਸਾਰੀਆਂ ਧਿਰਾਂ ਰਲ ਕੇ ਇਸ ਚੁਣੌਤੀ ਦਾ ਟਾਕਰਾ ਕਰ ਰਹੀਆਂ ਹਨ।
  • ਫਾਰਮਾ ਸੈਕਟਰ ਵੈਕਸੀਨ ਵਿਕਸਤ ਕਰਨ ਅਤੇ ਉਸ ਦੀ ਸਪਲਾਈ ਸਮੇਤ ਹੋਰ ਸਾਰੀਆਂ ਚੁਣੌਤੀਆਂ ਦਾ ਡਟ ਕੇ ਕੰਮ ਕਰ ਰਿਹਾ ਹੈ।
  • ਫਾਰਮਾ ਕੰਪਨੀਆਂ ਉਤਪਾਦਨ ਸਮਰੱਥਾ ਵਧਾਉਣ, ਸਰਕਾਰ ਪੂਰੀ ਸਹਾਇਤਾ ਦੇਵੇਗੀ।
  • ਪ੍ਰਾਈਵੇਟ ਸੈਕਟਰ ਆਉਂਦੇ ਦਿਨਾਂ ’ਚ ਟੀਕਾਕਰਨ ਮੁਹਿੰਮ ’ਚ ਵਧੇਰੇ ਸਰਗਰਮ ਭੂਮਿਕਾ ਨਿਭਾਏਗਾ ਅਤੇ ਇਸ ਕੰਮ ਲਈ ਹਸਪਤਾਲਾਂ ਅਤੇ ਸਨਅਤ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਦੀ ਲੋੜ ਹੈ।
  • ਮੋਦੀ ਨੇ ਪ੍ਰੀਖਣ ਕਰ ਰਹੀਆਂ ਕੰਪਨੀਆਂ ਨੂੰ ਵੀ ਹਰਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
  • ਮੋਦੀ ਨੇ ਨਵੀਂ ਵੈਕਸੀਨ ਦੇ ਵਿਕਾਸ ’ਚ ਭਾਰਤੀ ਵਿਗਿਆਨੀਆਂ ਦੇ ਅਧਿਐਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
  • ਭਾਰਤ ਦੀ ਕੋਲਡ ਚੇਨ ਦੀ ਵਿਵਸਥਾ ਦੇ ਮੁਤਾਬਕ ਸਾਡੇ ਕੋਲ ਵੈਕਸੀਨ ਹੈ। ਵਿਗਿਆਨਕਾਂ ਦਾ ਇਸ ਵਿੱਚ ਵੱਡਾ ਯੋਗਦਾਨ ਹੈ।
  • ਸਾਡੇ ਦੇਸ਼ ਨੇ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸ਼ੁਰੂ ਕੀਤਾ ਹੈ। ਸਾਡੇ ਦੇਸ਼ ਦੇ ਵੱਡੇ ਹਿੱਸੇ ਨੂੰ ਵੈਕਸੀਨ ਦਾ ਲਾਭ ਮਿਲਿਆ ਹੈ।
  • ਸਾਡੇ ਦੇਸ਼ ਨੇ 1 ਮਈ ਤੋਂ 18 ਸਾਲ ਤੋਂ ਉੱਪਰ ਹਰ ਇਨਸਾਨ ਨੂੰ ਵੈਕਸੀਨ ਲਗਾਉਣ ਦਾ ਵੱਡਾ ਫੈਸਲਾ ਲਿਆ ਹੈ।
  • ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
  • ਇਸ ਵਾਰ ਪਿਛਲੇ ਸਾਲ ਨਾਲੋਂ ਹਾਲਾਤ ਵੱਖਰੇ ਹਨ ਕਿਉਂਕਿ ਪਹਿਲਾਂ ਨਾ ਤਾਂ ਮੁਲਕ ’ਚ ਕੋਵਿਡ ਵੈਕਸੀਨ ਸੀ ਅਤੇ ਨਾ ਹੀ ਪੀਪੀਈ ਕਿੱਟਾਂ ਤੇ ਹੋਰ ਮੈਡੀਕਲ ਸਾਜ਼ੋ-ਸਾਮਾਨ ਦੇ ਉਤਪਾਦਨ ਲਈ ਢਾਂਚਾ ਸੀ।
  • ਸੂਬਾ ਸਰਕਾਰਾਂ ਪ੍ਰਵਾਸੀ ਮਜ਼ਦੂਰਾਂ ਦਾ ਭਰੋਸਾ ਬਣਾਏ ਰੱਖਣ।
  • ਸਮਾਜਿਕ ਸੰਗਠਨ ਲੋਕਾਂ ਦੀ ਮਦਦ ਲਈ ਅੱਗੇ ਆਉਣ। ਦੇਸ਼ ਦਾ ਨੌਜਵਾਨ ਇਸ ਕੰਮ ਵਿੱਚ ਅੱਗੇ ਆਵੇ।
  • ਅਸੀਂ ਮਾਈਕ੍ਰੋ ਕੰਟੇਨਮੇਂਟ ਜ਼ੋਨ ਉੱਤੇ ਧਿਆਨ ਰੱਖਣਾ ਹੈ।