Punjab

ਲੁਧਿਆਣਾ ‘ਚ ਆਈਲੈੱਟਸ ਸੈਂਟਰ ਅਤੇ ਟਿਊਸ਼ਨ ਸੈਂਟਰਾਂ ‘ਤੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਵਿੱਚ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਚੱਲਦੇ ਸਾਰੇ ਆਈਲੈੱਟਸ ਸੈਂਟਰਾਂ ਅਤੇ ਟਿਊਸ਼ਨ ਸੈਂਟਰਾਂ ਨੂੰ 30 ਅਪ੍ਰੈਲ ਤੱਕ ਮੁਕੰਮਲ ਤੌਰ ‘ਤੇ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਨੇ ਲਿਖਤੀ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਵਿੱਦਿਅਕ ਅਦਾਰੇ 30 ਅਪ੍ਰੈਲ ਤੱਕ ਬੰਦ ਕੀਤੇ ਗਏ ਹਨ ਪਰ ਕੁੱਝ ਆਈਲੈੱਟਸ ਅਤੇ ਟਿਊਸ਼ਨ ਸੈਂਟਰਾਂ ਵੱਲੋਂ ਵਿਦਿਆਰਥੀਆਂ ਨੂੰ ਬੁਲਾਇਆ ਜਾ ਰਿਹਾ ਹੈ।

ਡੀਸੀ ਵੱਲੋਂ ਇਨ੍ਹਾਂ ਸਾਰੇ ਸੈਂਟਰਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਉਣ ਦੀ ਛੋਟ ਦਿੱਤੀ ਗਈ ਹੈ। ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਨੇ ਸਖ਼ਤੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਜਿਹੜਾ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਨਾਲ ਕਾਨੂੰਨੀ ਤੌਰ ‘ਤੇ ਨਜਿੱਠਿਆ ਜਾਵੇਗਾ।