India Punjab

ਕਿਸਾਨ ਲੀਡਰਾਂ ਨੇ ਮੋਰਚਿਆਂ ‘ਤੇ ਕੀਤਾ ਕਰੋਨਾ ਤੋਂ ਬਚਾਅ ਦਾ ਪ੍ਰਬੰਧ, ਪੜ੍ਹੋ ਸਾਰੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਅੱਜ ਕਈ ਅਹਿਮ ਫੈਸਲੇ ਲਏ ਹਨ। ਕਿਸਾਨਾਂ ਨੇ 10 ਮਈ ਨੂੰ ਸਿੰਘੂ ਬਾਰਡਰ ‘ਤੇ ਰਾਸ਼ਟਰੀ ਸੰਮੇਲਨ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਲੋਕ ਆਨਲਾਈਨ ਵੀ ਸ਼ਮੂਲੀਅਤ ਕਰ ਸਕਦੇ ਹਨ। ਇਸ ਵਿੱਚ ਦੇਸ਼ ਭਰ ਦੇ ਕਿਸਾਨ ਸੰਗਠਨਾਂ ਦੇ ਲੀਡਰ ਭਾਗ ਲੈਣਗੇ ਤਾਂ ਜੋ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾ ਸਕੇ।

ਕਿਸਾਨ ਲੀਡਰਾਂ ਨੇ ਵਾਢੀ ਮੌਕੇ ਫਸਲਾਂ ਸਾਂਭਣ ਲਈ ਆਪਣੇ ਘਰਾਂ ਨੂੰ ਗਏ ਕਿਸਾਨਾਂ ਨੂੰ ਵਾਢੀ ਦਾ ਸਮਾਂ ਪੂਰਾ ਹੋਣ ਮਗਰੋਂ ਵਾਪਸ ਦਿੱਲੀ ਮੋਰਚਿਆਂ ‘ਤੇ ਵਾਪਸ ਪਰਤਣ ਦੀ ਅਪੀਲ ਕੀਤੀ। ਕਿਸਾਨਾਂ ਨੇ ਇਸ ਲਈ ਦਿੱਲੀ ਚੱਲੋ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਕਿਉਂਕਿ 24 ਅਪ੍ਰੈਲ ਨੂੰ ਕਿਸਾਨੀ ਅੰਦੋਲਨ ਨੂੰ 150 ਦਿਨ ਪੂਰੇ ਹੋ ਰਹੇ ਹਨ। ਦਿੱਲੀ ਚੱਲੋ ਪ੍ਰੋਗਰਾਮ 24 ਅਪ੍ਰੈਲ ਤੋਂ ਇੱਕ ਹਫਤੇ ਲਈ ਜਾਰੀ ਰਹੇਗਾ।

ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਆਪ੍ਰੇਸ਼ਨ ਕਲੀਨ ਕਰਕੇ ਜੋ ਅਭਿਆਨ ਚਲਾ ਰਹੀ ਹੈ, ਉਸ ਨੂੰ ਲੈ ਕੇ ਸਾਨੂੰ ਸਰਕਾਰ ਡਰਾਉਣ ਦੀ ਕੋਸ਼ਿਸ਼ ਨਾ ਕਰੇ। ਸਰਕਾਰ ਦੇ ਆਪ੍ਰੇਸ਼ਨ ਕਲੀਨ ਦਾ ਜਵਾਬ ਅਸੀਂ ਆਪ੍ਰੇਸ਼ਨ ਸ਼ਕਤੀ ਨਾਲ ਦੇਵਾਂਗੇ। ਸਰਕਾਰ ਲਗਾਤਾਰ ਕਰੋਨਾ ਦੀ ਆੜ ਹੇਠ ਲੋਕਾਂ ਦੀ ਜੇਬ ‘ਤੇ ਅਸਰ ਪਾ ਰਹੀ ਹੈ। ਲੋਕਾਂ ਨੂੰ ਜ਼ੁਰਮਾਨਾ ਲਾਉਣ ਨਾਲ ਕਰੋਨਾ ਨਹੀਂ ਰੁਕੇਗਾ। ਕਰੋਨਾ ਦੇ ਨਾਮ ‘ਤੇ ਸਰਕਾਰ ਲੋਕਾਂ ‘ਤੇ ਜੋ ਕੇਸ ਕਰ ਰਹੀ ਹੈ, ਉਹ ਨਾ ਕਰੇ।

ਕਿਸਾਨ ਲੀਡਰਾਂ ਨੇ ਟੋਲ ਪਲਾਜ਼ਾ ਨੂੰ ਮੁੜ ਤੋਂ ਟੋਲ ਫ੍ਰੀ ਕਰਨ ਦੀ ਮਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਵੱਖ-ਵੱਖ ਥਾਂਵਾਂ ‘ਤੇ ਸੰਗਠਨ ਬਣਾ ਕੇ ਪਹਿਲਾਂ ਵਾਂਗ ਹੀ ਟੋਲ ਫ੍ਰੀ ਕੀਤੇ ਜਾਣਗੇ। ਕਿਸਾਨਾਂ ਨੇ ਕਿਹਾ ਕਿ ਸੰਸਦ ਮਾਰਚ ਲਈ ਤਰੀਕ ਦਾ ਐਲਾਨ ਉੱਚਿਤ ਸਮੇਂ ‘ਤੇ ਕੀਤਾ ਜਾਵੇਗਾ।

ਕਿਸਾਨ ਲੀਡਰਾਂ ਨੇ ਕਰੋਨਾ ਸਬੰਧੀ ਵੀ ਕਈ ਅਹਿਮ ਐਲਾਨ ਕੀਤੇ ਹਨ।

  • ਕਰੋਨਾ ਬਾਰੇ, ਮਾਸਕ ਪਾਉਣ ਬਾਰੇ ਕਿਸਾਨੀ ਮੋਰਚੇ ਵਿੱਚ ਵਿਚਾਰ ਕਰਾਂਗੇ। 
  • ਕਿਸਾਨਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਾਂਗੇ।
  • ਕਿਸਾਨਾਂ ਦੀ ਹਰ ਟਰਾਲੀ ਅਤੇ ਟੈਂਟ ਵਿੱਚ ਕਰੋਨਾ ਤੋਂ ਬਚਾਅ ਅਤੇ ਸਾਵਧਾਨੀਆਂ ਦੀ ਜਾਣਕਾਰੀ ਦਿੱਤੀ ਜਾਵੇ।
  • ਸਾਰੇ ਮੋਰਚਿਆਂ ‘ਤੇ ਕਰੋਨਾ ਵੈਕਸੀਨੇਸ਼ਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਤਾਂ ਜੋ 45 ਸਾਲ ਤੋਂ ਉੱਪਰ ਉਮਰ ਦੇ ਸਾਡੇ ਸਾਥੀ ਵੈਕਸੀਨੇਸ਼ਨ ਕਰਵਾ ਸਕਦੇ ਹਨ।
  • ਕਿਸਾਨੀ ਮੋਰਚੇ ਵਿੱਚ ਸਾਰੇ ਮੈਡੀਕਲ ਕੈਂਪਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।