‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਵੱਲੋਂ 21 ਤੋਂ 25 ਅਪ੍ਰੈਲ ਤੱਕ ਕਣਕ ਦੀ ਖਰੀਦ ਵਿੱਚ ਆ ਰਹੀਆ ਮੁਸ਼ਕਿਲਾਂ, ਕਰੋਨਾ ਦੀ ਆੜ ਹੇਠ ਸਰਕਾਰਾਂ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੰਡ ਪੱਧਰੀ ਪੁਤਲੇ ਫੂਕੇ ਜਾਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 5 ਮਈ ਨੂੰ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜਥਾ ਅੰਮ੍ਰਿਤਸਰ ਤੋਂ ਦਿੱਲੀ ਨੂੰ ਕੂਚ ਕਰਨ ਦਾ ਐਲਾਨ ਕੀਤਾ।
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੀ ਅਗਵਾਈ ਹੇਠ ਅੰਮ੍ਰਿਤਸਰ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ, ਸ਼ਹੀਦ ਨਵਰੀਤ ਸਿੰਘ ਡਿਬਡਿਬਾ ਅਤੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਬਾਕੀ ਕਿਸਾਨਾਂ ਨੂੰ ਸਮਰਪਿਤ ਕਿਸਾਨ ਮਹਾਂ ਰੈਲੀ ਕੀਤੀ ਗਈ। ਇਸ ਮਹਾਂ ਰੈਲੀ ਵਿੱਚ ਕਿਸਾਨਾਂ ਨੇ ਸ਼ਹੀਦਾਂ ਨੂੰ 2 ਮਿੰਟ ਮੋਨ ਖਾਰ ਕੇ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ। ਮਹਾਂ ਰੈਲੀ ਵਿੱਚ ਬੀਬੀਆਂ ਦਾ ਵੀ ਵੱਡਾ ਇਕੱਠ ਵੇਖਣ ਨੂੰ ਮਿਲਿਆ। ਕਿਸਾਨ ਲੀਡਰਾਂ ਨੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਦਿੱਲੀ ਮੋਰਚੇ ਦੀ ਕਮਾਨ ਬੀਬੀਆਂ ਨੂੰ ਖੁਦ ਸੰਭਾਲਣੀ ਚਾਹੀਦੀ ਹੈ। ਪੰਧੇਰ ਨੇ ਕਿਸਾਨਾਂ ਨੂੰ ਪਾਰਲੀਮੈਂਟ ਕੂਚ ਕਰਨ ਦੀ ਤਿਆਰੀ ਕਰਨ ਲਈ ਵੀ ਕਿਹਾ।
ਮਹਾਂ ਰੈਲੀ ਵਿੱਚ ਕਣਕ ਦੀ ਖਰੀਦ ਬਿਨਾ ਕਿਸੇ ਸ਼ਰਤ ਨਿਰਵਿਘਨ ਕਰਵਾਉਣ, ਜਮਾਂਬੰਦੀ, ਫਰਦਾਂ ਲੈਣ ਦੀ ਸ਼ਰਤ ਖਤਮ ਕਰਾਉਣ, ਬਾਰਦਾਨੇ ਦੀ ਘਾਟ ਨੂੰ ਤੁਰੰਤ ਪੂਰਾ ਕਰਕੇ ਮੰਡੀਆ ਵਿੱਚ ਕਣਕ ਦੀ ਲਿਫਟਿੰਗ ਜਲਦੀ ਕਰਵਾਉਣ ਦੀ ਮੰਗ ਕੀਤੀ ਗਈ।