‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ (ਪੂਰਬ) ਦੀ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਪੂਰੇ ਪੰਜਾਬ ਵਿੱਚ ਜਾਟ ਮਹਾਂਸਭਾ ਟੀਮਾਂ ਤਿਆਰ ਕਰਨ ਦਾ ਐਲਾਨ ਕੀਤਾ ਹੈ। ਨਵਜੋਤ ਕੌਰ ਸਿੱਧੂ ਜਾਟ ਮਹਾਸਭਾ ਦੀ ਔਰਤ ਵਿੰਗ ਦੀ ਸੂਬਾਈ ਪ੍ਰਧਾਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ। ਇਸ ਕਰਕੇ ਉਨਾਂ ਦੇ ਹੱਕਾਂ ਲਈ ਉਹ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਜਾਟ ਮਹਾਸਭਾ ਦੀਆਂ ਟੀਮਾਂ ਤਿਆਰ ਕਰਨਾ ਚਾਹੁੰਦੇ ਹਨ।
ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਿੱਧੂ ਪਰਿਵਾਰ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਨਾਲ ਖੜ੍ਹਾ ਹੈ। ਸਾਡੇ ਲਈ ਕੋਈ ਅਹੁਦਾ ਮਾਇਨੇ ਨਹੀਂ ਰੱਖਦਾ ਅਤੇ ਨਾ ਹੀ ਅਸੀਂ ਆਪਣੇ ਨਿੱਜੀ ਹਿੱਤਾਂ ਲਈ ਅੱਗੇ ਆਏ ਹਾਂ। ਅਸੀਂ ਸਿਰਫ ਲੋਕਾਂ ਦੇ ਹਿੱਤ ਪੂਰੇ ਕਰਨ ਲਈ ਅਹੁਦੇ ਚਾਹੁੰਦੇ ਹਾਂ। ਸਰਕਾਰ ਲੋਕਾਂ ਦੀ ਗੱਲ ਨਹੀਂ ਸੁਣ ਰਹੀ ਹੈ।