Khaas Lekh

ਬੱਚਿਆਂ ਦੇ ਚਪੇੜਾਂ ਛੱਡਣ ਵਾਲੇ ਮਾਪੇ ਰੋਕ ਲੈਣ ਹੱਥ, ਕਿਤੇ ਤੁਹਾਡੇ ਬੱਚੇ ਨੂੰ ਨਾ ਹੋ ਜਾਵੇ ‘ਅਕਲ ਦਾ ਘਾਟਾ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਲਾਡ-ਪਿਆਰ ਨਾਲ ਹੀ ਰੱਖਦੇ ਹਨ, ਪਰ ਕਈ ਮਾਪੇ ਅਜਿਹੇ ਹਨ ਜੋ ਕਿਸੇ ਗਲਤੀ ਕਾਰਨ ਬੱਚਿਆਂ ਦੇ ਚਪੇੜਾਂ ਛੱਡਣ ਤੋਂ ਗੁਰੇਜ਼ ਨਹੀਂ ਕਰਦੇ। ਬੱਚਿਆਂ ਦੇ ਥੱਪੜ ਮਾਰਨ ਵਾਲੇ ਮਾਪਿਆਂ ਨੂੰ ਡਾਕਟਰਾਂ ਨੇ ਇੱਕ ਸੋਧ ਰਾਹੀਂ ਸਾਵਧਾਨ ਕੀਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਕੁੱਟਦੇ ਹਨ , ਉਹਨਾਂ ਦੇ ਬੱਚਿਆਂ ਦਾ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ।

ਚਾਈਲਡ ਡਿਵੈਲਪਮੈਂਟ ਨਾਂ ਦੇ ਜਰਨਲ ਵਿੱਚ ਛਪੀ ਇੱਕ ਰਿਪੋਰਟ ਮੁਤਾਬਿਕ ਕੁੱਟਮਾਰ ਨਾਲ ਬੱਚਿਆਂ ਦੇ ਮਨ ਵਿੱਚ ਮਾਪਿਆਂ ਪ੍ਰਤੀ ਡਰ ਦਾ ਮਾਹੌਲ ਬਣਦਾ ਹੈ। ਇਸ ਡਰ ਨਾਲ ਦਿਮਾਗੀ ਗਤੀਵਿਧੀਆਂ ਰੁਕਦੀਆਂ ਹਨ ਤੇ ਬੌਧਿਕ ਵਿਕਾਸ ਪ੍ਰਭਾਵਿਤ ਹੁੰਦਾ ਹੈ।


ਇਸ ਸੋਧ ਵਿਚ ਇਹ ਖੁਲਾਸਾ ਹੋਇਆ ਹੈ ਕਿ ਜਿਨ੍ਹਾਂ ਬੱਚਿਆਂ ਨਾਲ ਕੁੱਟਮਾਰ ਜ਼ਿਆਦਾ ਹੁੰਦੀ ਹੈ, ਉਹਨਾਂ ਦੇ ਦਿਮਾਗ ਵਿਚ ਪ੍ਰੀਫ੍ਰੰਟਲ ਕੋਰਟੇਕਸ ਦੇ ਹਿੱਸੇ ਵਿਚ ਨਯੂਰਲ ਰੈਸਪਾਂਸ ਜ਼ਿਆਦਾ ਹੁੰਦਾ ਹੈ, ਅਜਿਹੇ ਬੱਚੇ ਆਪਣੇ ਵਿਚਾਰ ਖੁਲ੍ਹ ਕੇ ਪੇਸ਼ ਨਹੀਂ ਕਰ ਪਾਉਂਦੇ ਅਤੇ ਡਰੇ-ਸਹਿਮੇ ਰਹਿੰਦੇ ਹਨ। ਇਸ ਨਾਲ ਬੱਚੇ ਆਪਣੀ ਸੋਚ ਦਾ ਦਾਇਰਾ ਵਧਾ ਨਹੀਂ ਪਾਉਂਦੇ ਤੇ ਇਸ ਚੋਂ ਨਿਕਲਣ ਲਈ ਉਹ ਕਈ ਵਾਰ ਹਿੰਸਕ ਵੀ ਹੋ ਜਾਂਦੇ ਹਨ।

147 ਬੱਚਿਆਂ ਤੇ ਕੀਤੀ ਗਈ ਸੋਧ

ਜਾਣਕਾਰੀ ਅਨੁਸਾਰ ਇਸ ਵਿਸ਼ੇ ‘ਤੇ ਖੋਜ ਕਰਨ ਵਾਲੀ ਟੀਮ ਨੇ 3 ਸਾਲ ਤੋਂ 11 ਸਾਲ ਦੇ 147 ਬੱਚਿਆਂ ਦੇ ਡਾਟਾ ਇਕੱਠਾ ਕਰਕੇ ਖੋਜ ਕੀਤੀ ਹੈ। ਇਸ ਵਿੱਚ ਦੋ ਤਰ੍ਹਾਂ ਦੇ ਬੱਚਿਆਂ ਦੀ ਐੱਮਆਰਆਈ ਕੀਤੀ ਗਈ। ਪਹਿਲੇ ਉਹ ਜਿਨ੍ਹਾਂ ਨਾਲ ਕੁੱਟਮਾਰ ਹੁੰਦੀ ਹੈ, ਤੇ ਦੂਜੇ ਉਹ ਜਿਨ੍ਹਾਂ ਨਾਲ ਕੁੱਟਮਾਰ ਨਹੀਂ ਹੁੰਦੀ। ਜਿਨ੍ਹਾਂ ਬੱਚਿਆਂ ਨਾਲ ਕੁੱਟਮਾਰ ਹੁੰਦੀ ਹੈ, ਉਸ ਵਿੱਚ ਖੁਲਾਸਾ ਹੋਇਆ ਹੈ ਅਜਿਹੇ ਬੱਚਿਆਂ ਦੇ ਮਾਨਸਿਕ ਪੱਧਰ ‘ਚ ਲਗਾਤਾਰ ਗਿਰਾਵਟ ਆਉਂਦੀ ਹੈ ਤੇ ਉਨ੍ਹਾਂ ਦਾ ਵਰਤਾਓ ਆਮ ਬੌਧਿਕ ਬੱਚਿਆਂ ਵਰਗਾ ਨਹੀਂ ਰਹਿੰਦਾ।