‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਰੋਜ਼ਾਨਾ ਕਠੂਆ ਜ਼ਿਲ੍ਹੇ ’ਚ ਜਾਣ ਵਾਲੇ ਲੋਕਾਂ ਨੂੰ ਕਰੋਨਾ ਟੈਸਟ ਕਰਵਾ ਕੇ 10 ਦਿਨਾਂ ਲਈ ਪਾਸ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਦਰਅਸਲ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਰਾਜ ਮਿਸਤਰੀਆਂ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਕਰੋਨਾ ਟੈਸਟ ਲਾਜ਼ਮੀ ਕਰਨ ਖ਼ਿਲਾਫ਼ ਮਾਧੋਪੁਰ ਦੇ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ ਸੀ ਅਤੇ ਕੋਈ ਵੀ ਵਾਹਨ ਜੰਮੂ ਕਸ਼ਮੀਰ ਦੀ ਹੱਦ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਹ ਮਜ਼ਦੂਰ ਪੰਜਾਬ ਤੋਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਵਿੱਚ ਰੋਜ਼ਾਨਾ ਕੰਮ ਕਰਨ ਜਾਂਦੇ ਹਨ। ਪਰ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤੇ ਜਾਣ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਲਿਆ।
ਮੌਕੇ ‘ਤੇ ਪਹੁੰਚੇ ਕਠੂਆ ਦੇ ਤਹਿਸੀਲਦਾਰ ਗੌਰਵ ਸ਼ਰਮਾ, ਡੀਐੱਸਪੀ ਕੇਡੀ ਭਗਤ ਅਤੇ ਪੰਜਾਬ ਖੇਤਰ ਦੇ ਡੀਐੱਸਪੀ ਧਾਰਕਲਾਂ ਰਵਿੰਦਰ ਸਿੰਘ ਰੂਬੀ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਲ ’ਤੇ ਅੜੇ ਰਹੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਰੁਜ਼ਗਾਰ ਲਈ ਰੋਜ਼ਾਨਾ ਕਠੂਆ ਜਾਣਾ ਪੈਂਦਾ ਹੈ। ਉੱਥੇ ਉਨ੍ਹਾਂ ਨੂੰ ਰੋਜ਼ਾਨਾ ਕਰੋਨਾ ਦਾ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ ਪਰ ਜੰਮੂ ਕਸ਼ਮੀਰ ਤੋਂ ਪੰਜਾਬ ਆਉਣ ਵਾਲਿਆਂ ’ਤੇ ਅਜਿਹੀ ਕੋਈ ਸ਼ਰਤ ਨਹੀਂ ਹੈ। ਸਾਨੂੰ ਬਿਨਾ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।