India

ਮਹਾਰਾਣਾ ਪ੍ਰਤਾਪ ਨੂੰ ਲੈ ਕੇ ਬੀਜੇਪੀ ਦੇ ਲੀਡਰ ਦੀ ਤਿਲਕੀ ਜ਼ੁਬਾਨ, ਮਿਲੀਆਂ ਗੋਲ਼ੀ ਮਾਰਨ ਦੀਆਂ ਧਮਕੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰਾਜਸਥਾਨ ’ਚ ਵਿਰੋਧੀ ਧਿਰ ਦੇ ਲੀਡਰ ਗੁਲਾਬਚੰਦ ਕਟਾਰੀਆ ਦੀ ਰਾਜਸਮੰਦ ’ਚ ਚੋਣ ਪ੍ਰਚਾਰ ਦੌਰਾਨ ਮਹਾਰਾਣਾ ਪ੍ਰਤਾਪ ਨੂੰ ਲੈ ਕੇ ਤਿਲਕੀ ਜ਼ੁਬਾਨ ਤਿਲਕ ਨਾਲ ਕਈ ਪਰੇਸ਼ਾਨੀਆਂ ਖੜ੍ਹੀਆਂ ਗਈ। ਇਸ ਮਗਰੋਂ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਕਾਫੀ ਗੁੱਸਾ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਉਨ੍ਹਾਂ ਦਾ ਸਿਰ ਤੱਕ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਵੀਡੀਓ ’ਚ ਇੱਕ ਨੌਜਵਾਨ ਭਾਜਪਾ ਲੀਡਰ ਕਟਾਰੀਆ ਦੇ ਪੁਤਲੇ ਨੂੰ ਗੋਲੀ ਮਾਰ ਰਿਹਾ ਹੈ ਤੇ ਪੁਤਲੇ ਨੂੰ ਗੋਲੀ ਨਾਲ ਉਡਾ ਕੇ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਇਹ ਵੀਡੀਓ ਭੀਲਵਾੜਾ ਜ਼ਿਲ੍ਹੇ ਦੀ ਸਾਲੜਾ ਤਹਿਸੀਲ ਦੇ ਰਾਜਪੂਤ ਟਿਕਾਣੇ ਅਲੋਲੀ ਦੀ ਦੱਸੀ ਜਾ ਰਹੀ ਹੈ।

ਮਾਫੀ ਮੰਗੀ ਪਰ ਨਹੀਂ ਬਣੀ ਗੱਲ
ਮਹਾਰਾਣਾ ਪ੍ਰਤਾਪ ਬਾਰੇ ਦਿੱਤੇ ਆਪਣੇ ਬਿਆਨ ਤੋਂ ਬਾਅਦ ਕਟਾਰੀਆ ਨੇ ਦੋ ਵਾਰ ਵਿਡੀਓ ਜਾਰੀ ਕਰ ਕੇ ਮਾਫ਼ੀ ਮੰਗੀ ਹੈ, ਪਰ ਇਸ ਨਾਲ ਗੱਲ ਨਹੀਂ ਬਣੀ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਪਿੱਛੇ ਉਨ੍ਹਾਂ ਦੀ ਕੋਈ ਮਾੜੀ ਮੰਸ਼ਾ ਨਹੀਂ ਸੀ, ਉਨ੍ਹਾਂ ਤਾਂ ਮਹਾਰਾਣਾ ਪ੍ਰਤਾਪ ਦੀ ਮਹਿਮਾ ਕੀਤੀ ਹੈ ਪਰ ਜ਼ਿਮਨੀ ਚੋਣਾਂ ਹੋਣ ਕਾਰਨ ਵਿਡੀਓ ਨਾਲ ਛੇੜਖਾਨੀ ਕਰਕੇ ਵਾਇਰਲ ਕੀਤਾ ਗਿਆ ਹੈ।