International Punjab

ਬੀਬੀ ਜਗੀਰ ਕੌਰ ਨੇ ਕਿਸਨੂੰ ਸਿੱਖ ਦੀ ਕ੍ਰਿਪਾਨ ਲੁਹਾਉਣ ‘ਤੇ ਪਾਈ ਝਾੜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੰਗਲੈਂਡ ਵਿੱਚ ਇੱਕ ਅੰਮ੍ਰਿਤਧਾਰੀ ਵਕੀਲ ਜਸਕੀਰਤ ਸਿੰਘ ਨੂੰ ਈਲਿੰਗ ਮੈਜਿਸਟਰੇਟ ਅਦਾਲਤ ਵਿੱਚ ਜਾਣ ਸਮੇਂ ਕ੍ਰਿਪਾਨ ਉਤਾਰਨ ਲਈ ਮਜ਼ਬੂਰ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਲਈ ਕ੍ਰਿਪਾਨ ਕਕਾਰਾਂ ਦਾ ਇੱਕ ਅਹਿਮ ਹਿੱਸਾ ਹੈ, ਜੋ ਹਰੇਕ ਸਿੱਖ ਲਈ ਲਾਜ਼ਮੀ ਹੈ ਅਤੇ ਖ਼ਾਲਸਾਈ ਰਹਿਣੀ ਦਾ ਅਹਿਮ ਅੰਗ ਹੈ। ਸਿੱਖ ਕੌਮ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਸਦਾ ਯਤਨਸ਼ੀਲ ਰਹੀ ਹੈ। ਵਿਦੇਸ਼ਾਂ ਅੰਦਰ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਉੱਚ ਮੁਕਾਮ ਹਾਸਲ ਕੀਤੇ ਹਨ ਅਤੇ ਦੇਸ਼ਾਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ।

ਅੱਜ ਸਿੱਖ ਵਿਦੇਸ਼ਾਂ ਅੰਦਰ ਸਰਕਾਰਾਂ ਦਾ ਵੀ ਹਿੱਸਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੁਨੀਆ ਅੰਦਰ ਅੰਮ੍ਰਿਤਧਾਰੀ ਸਿੱਖ ਕ੍ਰਿਪਾਨ ਸਮੇਤ ਆਪਣੇ ਕਕਾਰ ਪਹਿਨ ਕੇ ਵਿਚਰਦੇ ਹਨ। ਅਜਿਹੇ ਵਿੱਚ ਇੰਗਲੈਂਡ ਅੰਦਰ ਕ੍ਰਿਪਾਨ ਪਹਿਨਣ ਕਰਕੇ ਸਿੱਖ ਨੌਜਵਾਨ ਨੂੰ ਪ੍ਰੇਸ਼ਾਨ ਕਰਨਾ ਮੰਦਭਾਗਾ ਹੈ। ਬੀਬੀ ਜਗੀਰ ਕੌਰ ਨੇ ਸਿੱਖਾਂ ਨਾਲ ਹੁੰਦੀ ਵਿਤਕਰੇਬਾਜੀ ਨੂੰ ਰੋਕਣ ਲਈ ਭਾਰਤ ਸਰਕਾਰ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।