‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਅੱਜ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਤੰਬੂਆਂ ਨੂੰ ਲੱਗੀ ਅੱਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੰਘੂ ਬਾਰਡਰ ‘ਤੇ ਜੋ ਘਟਨਾ ਵਾਪਰੀ, ਉਸ ਬਾਰੇ ਉਨ੍ਹਾਂ ਨੇ ਕਿਸਾਨ ਲੀਡਰਾਂ ਨਾਲ ਗੱਲ ਕੀਤੀ ਹੈ। ਕਿਸਾਨ ਲੀਡਰਾਂ ਨੇ ਅੱਗ ਦੇ ਪਿੱਛੇ ਕਿਸੇ ਸ਼ਰਾਰਤੀ ਅਨਸਰ ਦਾ ਹੱਥ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਈ ਸ਼ਰਾਰਤੀ ਵਿਅਕਤੀ ਕਿਸਾਨਾਂ ਦੇ ਟੈਂਟਾਂ ਦੇ ਨੇੜੇ ਵੇਖਿਆ ਗਿਆ ਹੈ। ਘਟਨਾ ਸਮੇਂ ਕੁੱਝ ਮੁੰਡੇ ਉਸਦੇ ਮਗਰ ਵੀ ਭੱਜੇ ਸਨ। ਪੰਧੇਰ ਨੇ ਕਿਹਾ ਕਿ ਜਾਣਕਾਰੀ ਮੁਤਾਬਕ ਉਹ ਮੀਡੀਆ ਕਰਮੀ ਦੱਸਿਆ ਜਾ ਰਿਹਾ ਹੈ, ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਬਸ ਕਿਸਾਨਾਂ ਦਾ ਮਾਲੀ ਨੁਕਸਾਨ ਹੋਇਆ ਹੈ।