‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੂੰ ਤਰਨਤਾਰਨ ਦੀ ਸੈਸ਼ਨ ਅਦਾਲਤ ਨੇ 38 ਸਾਲ ਪੁਰਾਣੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਦੋ ਸਾਲ ਪਹਿਲਾਂ ਵਲਟੋਹਾ ਦੇ ਖਿਲਾਫ ਡਾਕਟਰ ਸੁਦਰਸ਼ਨ ਤਰੇਹਨ ਦੀ ਹੱਤਿਆ ਦੇ ਮਾਮਲੇ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ।
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਝੂਠ ਦੀ ਹਾਰ ਹੋਈ ਹੈ ਅਤੇ ਸੱਚ ਦੀ ਜਿੱਤ ਹੋਈ ਹੈ। ਵਲਟੋਹਾ ਨੇ ਕਿਹਾ ਕਿ 10 ਸਾਲ ਮੈਂ ਜੇਲ੍ਹ ਵਿੱਚ ਰਿਹਾ ਹਾਂ ਅਤੇ 24 ਦੇ ਕਰੀਬ ਮੈਂ ਕੇਸ ਭੁਗਤੇ ਹਨ ਅਤੇ ਸਾਰਿਆਂ ਕੇਸਾਂ ਵਿੱਚੋਂ ਮੈਂ ਬਰੀ ਹੋਇਆ ਹਾਂ। ਮੈਂ ਇਸ ਕੇਸ ਵਿੱਚ ਵੀ ਪਹਿਲਾਂ ਹੀ ਬਰੀ ਹੋ ਚੁੱਕਿਆ ਸੀ ਪਰ ਕੈਪਟਨ ਨੇ ਮੈਨੂੰ ਜੇਲ੍ਹ ਵਿੱਚ ਭੇਜਣ ਦੇ ਬਹੁਤ ਯਤਨ ਕੀਤੇ ਸੀ।
ਵਲਟੋਹਾ ਨੇ ਮਨੁੱਖੀ ਅਧਿਕਾਰ ਜਥੇਬੰਦੀਆਂ ‘ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਨਾਂ ‘ਤੇ ਬਣੀਆਂ ਹੋਈਆਂ ਜਥੇਬੰਦੀਆਂ ਸਰਕਾਰਾਂ ਦੇ ਮੋਹਰੇ ਬਣ ਗਈਆਂ ਹਨ। ਮੀਡੀਆ ‘ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੀਡੀਆ ਨੇ ਮੇਰੇ ਮਾਮਲੇ ਵਿੱਚ ਮੀਡੀਆ ਨੇ ਪੱਖਪਾਤੀ ਰਿਪੋਰਟਿੰਗ ਕੀਤੀ ਹੈ।