India

ਖੁਸ਼ਖਬਰੀ, ਨੋਇਡਾ ਵਾਲਿਆਂ ਨੂੰ ਅਡਾਨੀ ਗਰੁੱਪ ਦੇਣ ਜਾ ਰਿਹਾ ਹੈ ਬਹੁਤ ਵੱਡਾ ਤੋਹਫਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨੌਕਰੀਆਂ ਦਾ ਰਾਹ ਦੇਖ ਰਹੇ ਨੋਇਡਾ ਦੇ ਨੌਜਵਾਨਾਂ ਨੂੰ ਬਹੁਤ ਜਲਦ ਅਡਾਨੀ ਐਂਟਰਪ੍ਰਾਈਜਜ ਬਹੁਤ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨੋਇਡਾ ਵਿਚ ਅਡਾਨੀ ਵੱਲੋਂ ਇਕ ਉਦਯੋਗ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਲਈ ਨੋਇਡਾ ਅਥਾਰਟੀ ਨੇ ਕੰਪਨੀ ਨੂੰ ਇਕ ਉਦਯੋਗਿਕ ਪਲਾਟ ਅਲਾਟ ਕੀਤਾ ਹੈ। ਇਸ ਦੇ ਨਾਲ ਹੀ 12 ਹੋਰ ਕੰਪਨੀਆਂ ਨੂੰ ਵੀ ਨੋਇਡਾ ਵਿੱਚ ਸਨਅਤੀ ਪਲਾਟ ਅਲਾਟ ਕੀਤੇ ਗਏ ਹਨ।

ਇਸ ਨਾਲ ਇੱਥੇ 48 ਹਜ਼ਾਰ ਤੋਂ ਵੱਧ ਲੋਕਾਂ ਲਈ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ। ਨੋਇਡਾ ਅਥਾਰਟੀ ਦਾ ਕਹਿਣਾ ਹੈ ਕਿ ਇਸ ਨੇ ਨੋਇਡਾ ਖੇਤਰ ਵਿੱਚ ਉਦਯੋਗਿਕ ਜ਼ਮੀਨ ਅਡਾਨੀ ਐਂਟਰਪ੍ਰਾਈਜਜ਼ ਅਤੇ ਡਿਕਸਨ ਟੈਕਨੋਲੋਜੀ ਸਮੇਤ 13 ਕੰਪਨੀਆਂ ਨੂੰ ਅਲਾਟ ਕੀਤਾ ਹੈ। ਇਸ ਪਹਿਲਕਦਮੀ ਨਾਲ ਨੋਇਡਾ ਖੇਤਰ ਵਿਚ 3 ਹਜ਼ਾਰ 870 ਕਰੋੜ ਰੁਪਏ ਦੇ ਨਿਵੇਸ਼ ਦੀ ਵੀ ਆਸ ਹੈ।

ਅਥਾਰਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨੋਇਡਾ ਦੇ ਸੈਕਟਰ-80 ਵਿਚ 39 ਹਜ਼ਾਰ 146 ਵਰਗ ਮੀਟਰ ਜ਼ਮੀਨ ਪ੍ਰਸਤਾਵਿਤ ਡਾਟਾ ਸੈਂਟਰ ਲਈ ਅਡਾਨੀ ਐਂਟਰਪ੍ਰਾਈਜ਼ ਨੂੰ ਅਲਾਟ ਕੀਤਾ ਗਿਆ ਹੈ। ਇਸ ਕੰਪਨੀ ਦੇ ਨੋਇਡਾ ਵਿੱਚ 2500 ਕਰੋੜ ਰੁਪਏ ਦੇ ਨਿਵੇਸ਼ ਦੀ ਉਮੀਦ ਹੈ। ਬਿਆਨ ਅਨੁਸਾਰ 60 ਤੋਂ ਵੱਧ ਫਰਮਾਂ ਨੇ ਇਸ ਪ੍ਰਕਿਰਿਆ ਵਿੱਚ ਜ਼ਮੀਨ ਲਈ ਅਰਜ਼ੀ ਦਿੱਤੀ ਸੀ। ਇਨ੍ਹਾਂ ਵਿਚੋਂ 13 ਕੰਪਨੀਆਂ ਯੋਗ ਪਈਆਂ ਸਨ, ਜਿਨ੍ਹਾਂ ਨੂੰ ਪਲਾਟ ਅਲਾਟ ਕੀਤੇ ਗਏ ਹਨ।