‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਲੀਡਰ ਹਰਪਾਲ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਬਣਨ ‘ਤੇ ਅਨੁਸੂਚਿਤ ਜਾਤੀਆਂ ਵਿੱਚੋਂ ਉਪ ਮੁੱਖ ਮੰਤਰੀ ਬਣਾਉਣ ਵਾਲੇ ਬਿਆਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਹੈ। ਅਕਾਲੀ ਦਲ ਨੇ ਲਗਾਤਾਰ ਪੰਥ ਦੇ ਨਾਂ ‘ਤੇ ਲੰਬਾ ਅਰਸਾ ਰਾਜ ਕਰਕੇ ਪੰਥ ਦੀ ਪਿੱਠ ‘ਤੇ ਛੁਰਾ ਮਾਰਿਆ। ਅਕਾਲੀ ਦਲ ਨੇ ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਨਾਂ ‘ਤੇ ਲੰਬਾ ਅਰਸਾ ਰਾਜ ਕਰਕੇ ਕਿਸਾਨਾਂ ਦੀ ਪਿੱਠ ‘ਤੇ ਵੀ ਛੁਰਾ ਮਾਰਿਆ। ਤਿੰਨ ਕਾਲੇ ਖੇਤੀ ਕਾਨੂੰਨ ਲਿਆਂਦੇ। ਹੁਣ ਇਹ ਪੰਜਾਬ ਨੂੰ ਅਨੁਸੂਚਿਤ ਜਾਤੀਆਂ ‘ਚੋਂ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਉਣ ਦਾ ਲਾਲਚ ਦੇ ਰਹੇ ਹਨ। ਇਹ ਸਿਰਫ ਚੋਣਾਂ ਲਈ ਇਹੋ ਜਿਹੇ ਐਲਾਨ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਬਾਦਲ ਸਰਕਾਰ ਦੌਰਾਨ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਦੇ ਵਜ਼ੀਫਿਆਂ ਨਾਲ ਘੁਟਾਲਾ ਹੋਇਆ, ਜਿਸ ਕਰਕੇ ਲੱਖਾਂ ਹੀ ਵਿਦਿਆਰਥੀ ਵਿੱਦਿਆ ਤੋਂ ਵਾਂਝੇ ਰਹਿ ਗਏ। ਪੰਜਾਬ ਦੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਜੋ ਸਹੂਲਤਾਂ ਮਿਲਦੀਆਂ ਸਨ, ਉਹ ਸਭ ਬੰਦ ਹੋ ਗਈਆਂ ਸਨ।