Punjab

ਟੀਕਾ ਲਗਵਾਉਣ ਵਾਲੇ ਪੰਜਾਬੀਆਂ ਨੂੰ ਮਿਲੇਗਾ ਕੈਪਟਨ ਦਾ ਫੂਡ ਪੈਕੇਜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡਾ.ਭੀਮ ਰਾਓ ਅੰਬੇਦਕਰ ਦੇ 130ਵੇਂ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਵਰਚੁਅਲ ਸੈਰੇਮਨੀ ਜ਼ਰੀਏ ਸ਼ਰਧਾਂਜਲੀ ਭੇਟ ਕੀਤੀ। ਇਸ ਵਰਚੁਅਲ ਸੈਰੇਮਨੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਿਲ ਸਨ। ਕੈਪਟਨ ਨੇ ਕਿਹਾ ਕਿ ਡਾ. ਅੰਬੇਦਕਰ ਦੀ ਪ੍ਰਾਪਤੀ ਨੂੰ ਸਾਰੇ ਹਿੰਦੁਸਤਾਨ ਨੇ ਮੰਨਿਆ ਹੈ। ਇਨ੍ਹਾਂ ਦੇ ਬਣਾਏ ਹੋਏ ਸੰਵਿਧਾਨ ‘ਤੇ ਹੀ ਇਹ ਮੁਲਕ ਚੱਲ ਰਿਹਾ ਹੈ। ਇਨ੍ਹਾਂ ਨੇ ਸਮਾਜ ਵਿੱਚ ਬਹੁਤ ਤਬਦੀਲੀਆਂ ਲਿਆਂਦੀਆਂ ਹਨ।

ਕੈਪਟਨ ਨੇ ਆਪਣੇ ਨਾਲ ਬੀਤੀ ਇੱਕ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ‘ਅੱਜ ਸਾਡਾ ਮੁਲਕ ਜੁੜਨ ਦੀ ਬਜਾਏ ਟੁੱਟਦਾ ਜਾ ਰਿਹਾ ਹੈ। ਅਸੀਂ ਜ਼ਾਤ ਸਿਸਟਮ ਵਿੱਚ ਪੈ ਰਹੇ ਹਾਂ। ਕੈਪਟਨ ਨੇ ਕਿਹਾ ਕਿ ਮੈਂ ਆਪਣੇ ਸੂਬੇ ਵਿੱਚ ਨੀਵੀਆਂ ਜਾਤਾਂ ਵਾਲੇ ਸਮਝੇ ਜਾਂਦੇ ਲੋਕਾਂ ਲਈ ਬਹੁਤ ਕੁੱਝ ਕੀਤਾ ਹੈ। ਡਾ.ਭੀਮ ਰਾਉ ਅੰਬੇਦਕਰ ਦੇ ਨਾਂ ‘ਤੇ ਮੈਡੀਕਲ ਕਾਲਜ ਖੁੱਲ੍ਹਵਾਇਆ। ਜੇ ਮੇਰੇ ਕੋਲ ਹੋਰ ਸਾਧਨ (resources) ਹੁੰਦੇ ਤਾਂ ਮੈਂ ਹੋਰ ਵੀ ਕਈ ਕੁੱਝ ਨਵਾਂ ਕਰਦਾ’।

ਕੈਪਟਨ ਨੇ ਗਿਣਾਏ ਪੰਜਾਬ ਸਰਕਾਰ ਦੇ ਕੰਮ

ਕੈਪਟਨ ਨੇ ਆਪਣੇ ਕਾਰਜਕਾਲ ਦੌਰਾਨ ਸਮਾਜ ਵਾਸਤੇ ਕੀਤੇ ਗਏ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ‘ਪੰਜਾਬ ਸਰਕਾਰ ਨੇ ਸ਼ਗਨ ਸਕੀਮ ਦੀ ਰਾਸ਼ੀ ਨੂੰ ਵਧਾ ਕੇ 51 ਹਜ਼ਾਰ ਤੱਕ ਕਰ ਦਿੱਤਾ ਅਤੇ ਇਸਦਾ 409 ਕਰੋੜ ਰੁਪਏ ਪੰਜਾਬ ਸਰਕਾਰ ਦੇ ਚੁੱਕੀ ਹੈ ਅਤੇ 1 ਲੱਖ 95 ਹਜ਼ਾਰ ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲ ਚੁੱਕਿਆ ਹੈ। ਸੋਸ਼ਲ ਸਿਕਿਊਰਿਟੀ ਪੈਨਸ਼ਨ ਨੂੰ ਵੀ ਅਸੀਂ 1500 ਰੁਪਏ ਤੱਕ ਵਧਾ ਦਿੱਤਾ ਹੈ। ਅਸੀਂ ਡਾ.ਅੰਬੇਦਕਰ ਦੇ ਨਾਂ ‘ਤੇ ਪ੍ਰੀ ਮੈਟਰਿਕ ਸਕਾਲਰਸ਼ਿਪ ਸਕੀਮ ਚਲਾਈ, ਜਿਸ ਵਿੱਚ 2 ਲੱਖ ਬੱਚਿਆਂ ਨੂੰ 52 ਲੱਖ 26 ਕਰੋੜ ਰੁਪਏ ਦੇ ਚੁੱਕੇ ਹਾਂ। ਉਨ੍ਹਾਂ ਨੂੰ ਮੁਫਤ ਬਿਜਲੀ ਦੇ 200 ਯੂਨਿਟ ਦਿੱਤੇ ਹਨ। ਮੁਹਾਲੀ ਵਿੱਚ ਡਾ.ਬੀ.ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਣ ਗਿਆ ਹੈ’।

ਕੈਪਟਨ ਨੇ ਕਿਹਾ ਕਿ ‘SC ਦੀਆਂ ਰਿਜ਼ਰਵ ਸੀਟਾਂ ਨੂੰ ਅਸੀਂ ਤਰਜੀਹ ਦੇਵਾਂਗੇ। 30 ਪ੍ਰਤੀਸ਼ਤ ਹਿੱਸਾ SC ਦੇ ਭਲਾਈ ਕੰਮਾਂ ਲਈ ਸਰਕਾਰੀ ਸਕੀਮਾਂ ਵਿੱਚ ਵਰਤਿਆ ਜਾਵੇਗਾ। ਰੂਰਲ ਲਿੰਕ ਰੋਡਸ ਬਣਾਉਣ ਲਈ 500 ਕਰੋੜ ਰੁਪਏ ਦਿੱਤੇ ਗਏ ਹਨ। ਡੇਅਰੀਆਂ ਦਾ ਵਿਕਾਸ ਕੀਤਾ ਜਾਵੇਗਾ, ਡੇਅਰੀ ਫਾਰਮਿੰਗ ਸਾਡੀ ਦੂਜੀ ਫਸਲ ਹੈ। ਪਿੰਡਾਂ ਦਾ ਆਧੁਨੀਕੀਕਰਣ ਲਈ 100 ਕਰੋੜ ਰੁਪਏ ਖਰਚੇ ਜਾਣਗੇ ਪਰ ਇਹ ਸਕੀਮ ਸਿਰਫ ਉੱਥੇ ਹੀ ਹੋਵੇਗੀ, ਜਿੱਥੇ 50 ਪ੍ਰਤੀਸ਼ਤ ਹਿੱਸਾ SC ਲੋਕਾਂ ਦਾ ਰਹਿੰਦਾ ਹੋਵੇਗਾ। ਕੈਪਟਨ ਨੇ ਕਿਹਾ ਕਿ ਡਾ.ਬੀ.ਆਰ ਅੰਬੇਦਕਰ ਇੰਸਟੀਚਿਊਟ ਆਫ ਟਰੇਨਿੰਗ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਸਿਵਲ ਸਰਵਿਸਜ ਵਿੱਚ ਜਾਣ ਵਾਲੇ ਬੱਚਿਆਂ ਨੂੰ ਟਰੇਨਿੰਗ ਦਿੱਤੀ ਜਾਵੇ। ਹਰ ਘਰ ਪੱਕੀ ਛੱਤ ਸਕੀਮ ਵੱਲ ਧਿਆਨ ਦਿੱਤਾ ਜਾਵੇਗਾ’।

ਕਰੋਨਾ ਦਾ ਟੀਕਾ ਲਗਵਾਉਣ ਵਾਲਿਆਂ ਲਈ ‘ਫੂਡ ਪੈਕੇਜ’

ਕੈਪਟਨ ਨੇ ਸਾਰੇ ਲੋਕਾਂ ਨੂੰ ਕਰੋਨਾ ਟੀਕਾ ਲਗਵਾਉਣ ਦੀ ਵੀ ਅਪੀਲ ਕੀਤੀ। ਕੈਪਟਨ ਨੇ ਕਿਹਾ ਕਿ ‘ਕੁੱਝ ਲੋਕ ਕਰੋਨਾ ਵੈਕਸੀਨੇਸ਼ਨ ਲਵਾਉਣ ਲਈ ਹਸਪਤਾਲਾਂ ਵਿੱਚ ਜਾਣ ਤੋਂ ਡਰ ਰਹੇ ਹਨ। ਕੈਪਟਨ ਨੇ ਕਿਹਾ ਕਿ ਅਸੀਂ ਇੱਕ ‘ਫੂਡ ਪੈਕੇਜ’ ਬਣਾ ਰਹੇ ਹਾਂ। ਜਿਹੜਾ ਵੀ ਗਰੀਬ ਵਿਅਕਤੀ, ਜਿਸਨੂੰ ਕੋਵਿਡ ਹੋਇਆ ਹੋਵੇ ਅਤੇ ਉਹ ਆਪਣੇ ਘਰ ਵਿੱਚ ਇਕਾਂਤਵਾਸ ਹੋਇਆ ਹੋਵੇ, ਉਸਨੂੰ ਇਹ ਫੂਡ ਪੈਕੇਜ ਦਿੱਤਾ ਜਾਵੇਗਾ ਤਾਂ ਜੋ ਉਹ ਘਰ ਵਿੱਚ ਆਪਣੇ ਬੱਚਿਆਂ ਲਈ ਰੋਟੀ ਦਾ ਪ੍ਰਬੰਧ ਕਰ ਸਕੇ। ਇਹ ਪੈਕੇਜ ਫਿਲਹਾਲ ਬਣ ਰਹੇ ਹਨ ਅਤੇ ਕਰੋਨਾ ਪਾਜ਼ੀਟਿਵ ਦਿਹਾੜੀਦਾਰਾਂ ਦੇ ਘਰਾਂ ਵਿੱਚ ਇਹ ਫੂਡ ਪੈਕੇਜ ਭੇਜਿਆ ਜਾਵੇਗਾ। ਕੈਪਟਨ ਨੇ ਕਿਹਾ ਕਿ ਤੁਸੀਂ ਕਰੋਨਾ ਵੈਕਸੀਨੇਸ਼ਨ ਕਰਵਾਉ ਅਤੇ ਫਿਰ ਰੋਟੀ ਖਵਾਉਣ ਦੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣ ਜਾਂਦੀ ਹੈ’।

ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਬਣਨ ‘ਤੇ ਦਲਿਤ ਸਮਾਜ ਵਿੱਚੋਂ ਡਿਪਟੀ ਮੁੱਖ ਮੰਤਰੀ ਬਣਾਉਣ ਵਾਲੇ ਬਿਆਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸੁਖਬੀਰ ਬਾਦਲ ਇਹ ਸਭ ਸਿਰਫ ਵੋਟਾਂ ਲਈ ਹੀ ਕਰ ਰਹੇ ਹਨ’।