‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਆਨਲਾਈਨ ਇਤਰਾਜ਼ ਭਰਨ ਦੀ ਆਖਰੀ ਮਿਤੀ ਜਾਰੀ ਕਰ ਦਿੱਤੀ ਹੈ। 14 ਅਪ੍ਰੈਲ ਤੱਕ ਭਾਵ ਅੱਜ ਤੱਕ ਅਧਿਆਪਕ ਆਪਣੇ ਇਤਰਾਜ਼ ਆਨਲਾਈਨ ਦੇ ਸਕਦੇ ਹਨ। ਇਹ ਇਤਰਾਜ਼ ਪੰਜਾਬ ਸਕੂਲ ਪੋਰਟਲ ‘ਤੇ ਸਟਾਫ ਲਾਗ-ਇਨ (Login) ਅਧੀਨ ਦਿੱਤੇ ਲਿੰਕ “ਓਬਜੈਕਸ਼ਨ ਰਿਗਾਰਡਿੰਗ ਟ੍ਰਾਂਸਫਰ” ‘ਤੇ ਕੀਤਾ ਜਾ ਸਕਦਾ ਹੈ। ਸਿੱਖਿਆ ਵਿਭਾਗ ਨੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਬਦਲੀ ਦੇ ਕੇਵਲ ਆਨਲਾਈਨ ਭਰੇ ਇਤਰਾਜ਼ ਹੀ ਵਿਚਾਰੇ ਜਾਣਗੇ।
ਸਿੱਖਿਆ ਵਿਭਾਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀ ਬਦਲੀ ਦੇ ਹੁਕਮ ਸਿੱਖਿਆ ਵਿਭਾਗ ਵੱਲੋਂ 9 ਅਪ੍ਰੈਲ ਨੂੰ ਜਾਰੀ ਕੀਤੇ ਗਏ ਸੀ, ਉਨ੍ਹਾਂ ‘ਚੋਂ ਜੇਕਰ ਕੋਈ ਅਧਿਆਪਕ ਬਦਲੀ ਰੱਦ ਕਰਾਉਣਾ ਚਾਹੁੰਦਾ ਹੈ ਤਾਂ ਈ-ਪੰਜਾਬ ਸਕੂਲ ਪੋਰਟਲ ‘ਤੇ ਲਾਗ-ਇਨ ਕਰਕੇ “ਟ੍ਰਾਂਸਫਰ ਕੈਂਸਲੇਸ਼ਨ” ਲਿੰਕ ‘ਤੇ ਕਲਿੱਕ ਕਰਕੇ ਬਦਲੀ ਰੱਦ ਕਰਾਉਣ ਸਬੰਧੀ ਆਨਲਾਈਨ ਬੇਨਤੀ ਵੀ ਅੱਜ ਹੀ ਕਰ ਸਕਦਾ ਹੈ। ਬਦਲੀ ਰੱਦ ਕਰਾਉਣ ਸਬੰਧੀ ਮੁੱਖ ਦਫਤਰ ‘ਚ ਦਸਤੀ ਦਰਖਾਸਤਾਂ ‘ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਸਿੱਖਿਆ ਵਿਭਾਗ ਨੇ ਟੀਚਰ ਟ੍ਰਾਂਸਫਰ ਪਾਲਿਸੀ 2019 ਅਧੀਨ 9 ਅਪ੍ਰੈਲ ਨੂੰ ਵੱਖ-ਵੱਖ ਕਾਡਰ ਦੇ ਅਧਿਆਪਕਾਂ ਦੇ ਦੂਜੇ ਗੇੜ ਦੀਆਂ ਬਦਲੀਆਂ ਦੇ ਆਨਲਾਈਨ ਹੁਕਮ ਜਾਰੀ ਕੀਤੇ ਸਨ।