India Punjab

ਦੇਸ਼ ‘ਚ ਮੁੜ ਤੋਂ ਤਾਲਾਬੰਦੀ ਦੀ ਸੰਭਾਵਨਾ ‘ਤੇ ਖ਼ਜਾਨਾ ਮੰਤਰੀ ਦਾ ਵੱਡਾ ਐਲਾਨ, ਪੜ੍ਹੋ ਸਰਕਾਰ ਦੀ ਨਵੀਂ ਯੋਜਨਾ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਮਾਮਲਿਆਂ ਦਾ ਗ੍ਰਾਫ ਦਿਨੋਂ-ਦਿਨ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਲਾਬੰਦੀ ਵੀ ਕੀਤੀ ਗਈ ਹੈ। ਦੇਸ਼ ਦੀ ਖ਼ਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਮੁੜ ਤੋਂ ਤਾਲਾਬੰਦੀ ਕਰਨ ਬਾਰੇ ਸਥਿਤੀ ਸਪਸ਼ਟ ਕੀਤੀ ਹੈ।

ਸੀਤਾਰਮਨ ਨੇ ਕਿਹਾ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਸਰਕਾਰ ਦੀ ਫਿਲਹਾਲ ਕੋਈ ਤਾਲਾਬੰਦੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਪਿੱਛਲੇ ਸਾਲ ਵਾਂਗ ਪੂਰੇ ਦੇਸ਼ ਨੂੰ ਤਾਲਾਬੰਦ ਨਹੀਂ ਕੀਤਾ ਜਾਵੇਗਾ। ਇਸ ਬਿਮਾਰੀ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਕਦਮ ਚੁੱਕੇ ਜਾਣਗੇ।

ਉਨ੍ਹਾਂ ਨੇ ਵਿਸ਼ਵ ਬੈਂਕ ਗਰੁੱਪ ਦੇ ਮੁਖੀ ਡੇਵਿਡ ਮਾਲਪਾਸ ਨਾਲ ‘ਆਨ ਲਾਈਨ’ ਮੁਲਾਕਾਤ ਕੀਤੀ। ਇਸ ਦੌਰਾਨ ਸੀਤਾਰਮਨ ਨੇ ਵਿਕਾਸ ਲਈ ਭਾਰਤ ਨੂੰ ਵਧੇਰੇ ਕਰਜ਼ਾ ਦੇਣ ਦੇ ਦਾਇਰੇ ਨੂੰ ਵਧਾਉਣ ਲਈ ਵਿਸ਼ਵ ਬੈਂਕ ਦੇ ਇਸ ਹੰਭਲੇ ਨੂੰ ਵੀ ਸਹੀ ਕਦਮ ਦੱਸਿਆ।

ਉਨ੍ਹਾਂ ਕਿਹਾ ਕਿ ਦੂਜੀ ਵਾਰ ਦੇਸ਼ ਵਿੱਚ ਸੰਕਰਮ ਦੇ ਤੇਜ਼ੀ ਨਾਲ ਫੈਲਣ ਦੇ ਬਾਵਜੂਦ ਇਹ ਸਾਡਾ ਸਪੱਸ਼ਟ ਰੁਖ ਹੈ ਕਿ ਅਸੀਂ ਵੱਡੇ ਪੱਧਰ ‘ਤੇ ਲਾਕਡਾਉਨ ਨਹੀਂ ਲਗਾਉਣ ਜਾ ਰਹੇ ਹਾਂ। ਅਸੀਂ ਆਰਥਿਕਤਾ ਨੂੰ ਪੂਰੀ ਤਰ੍ਹਾਂ ਖੜੋਤ ‘ਤੇ ਨਹੀਂ ਲਿਆਉਣਾ ਚਾਹੁੰਦੇ।

ਸਥਾਨਕ ਪੱਧਰ ‘ਤੇ ਕੋਵਿਡ ਦੇ ਮਰੀਜ਼ਾਂ ਜਾਂ ਪਰਿਵਾਰ ਨੂੰ ਅਲੱਗ ਰੱਖਣ ਲਈ ਉਪਾਅ ਕੀਤੇ ਜਾਣਗੇ। ਸਥਾਨਕ ਕੰਟਰੋਲ ਉਪਾਵਾਂ ਦੇ ਜ਼ਰੀਏ ਸੰਕਟ ਨਾਲ ਨਜਿੱਠਿਆ ਜਾਵੇਗਾ,  ਲੌਕਡਾਉਨ ਨਹੀਂ ਲਗਾਇਆ ਜਾਵੇਗਾ।