International

ਵੱਡੇ ਆਰਥਿਕ ਘਾਟੇ ਹੇਠਾਂ ਦੱਬੀ ਏਅਰ ਕੈਨੇਡਾ ਦੀ ਸੁਧਰੇਗੀ ਜੂਨ, ਵੱਡੇ ਸਮਝੌਤੇ ‘ਤੇ ਵੱਜੀਆਂ ਘੁੱਗੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਏਅਰ ਕੈਨੇਡਾ ਦੇ ਤਰਸਯੋਗ ਹਾਲਾਤ ਹੁਣ ਸੁਧਰਨ ਵੱਲ ਪੈਰ ਪੁੱਟ ਰਹੇ ਹਨ। ਕੋਰੋਨਾ ਮਹਾਂਮਾਰੀ ਦੀ ਸਭ ਤੋਂ ਵੱਡੀ ਮਾਰ ਹਵਾਈ ਕੰਪਨੀਆਂ ਨੇ ਹੀ ਝੱਲੀ ਹੈ। ਲੌਕਡਾਊਨ ਹੋਣ ਕਾਰਨ ਲਗਭਗ ਸਾਰੇ ਮੁਲਕਾਂ ਨੇ ਹਵਾਈ ਯਾਤਰਾ ’ਤੇ ਪਾਬੰਦੀਆਂ ਲਾਈਆਂ ਸਨ। ਕੈਨੇਡਾ ਦੀਆਂ ਸਭ ਤੋਂ ਵੱਡੀਆਂ ਹਵਾਈ ਕੰਪਨੀਆਂ ਵਿੱਚੋਂ ਇੱਕ ‘ਏਅਰ ਕੈਨੇਡਾ’ ਵੀ ਵੱਡੇ ਆਰਥਿਕ ਘਾਟੇ ਹੇਠਾਂ ਹੈ। ਪਰ ਹੁਣ ਇਸਦੀ ਜੂਨ ਸੁਧਰਨ ਲੱਗੀ ਹੈ। ਇਸ ਕੰਪਨੀ ਨੂੰ ਆਰਥਿਕ ਘਾਟੇ ’ਚੋਂ ਬਾਹਰ ਕੱਢਣ ਲਈ ਕੈਨੇਡਾ ਦੀ ਲਿਬਰਲ ਸਰਕਾਰ ਨੇ 5.9 ਬਿਲੀਅਨ ਡਾਲਰ ਦੇ ਰਾਹਤ ਪੈਕੇਜ ਦਾ ਸਮਝੌਤਾ ਕੀਤਾ ਹੈ।


ਔਟਵਾ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਟਰਾਂਸਪੋਰਟ ਮੰਤਰੀ ਓਮਰ ਅਲਘਾਬਰਾ ਨੇ ਕਿਹਾ ਕਿ ਫੈਡਰਲ ਸਰਕਾਰ ਏਅਰ ਕੈਨੇਡਾ ਨੂੰ ‘ਲਾਰਜ ਐਂਪਲਾਇਰ ਐਮਰਜੰਸੀ ਫਾਇਨੈਂਸ਼ੀਅਲ ਫੈਸਲਿਟੀ’ ਪ੍ਰੋਗਰਾਮ ਰਾਹੀਂ ਇਸ ਰਾਸ਼ੀ ਦਾ ਭੁਗਤਾਨ ਕਰੇਗੀ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਕੈਨੇਡਾ ਦੀਆਂ ਉਨ੍ਹਾਂ ਵੰਡੀਆਂ ਕੰਪਨੀਆਂ ਜਾਂ ਰੋਜ਼ਗਾਰਦਾਤਾ ਦੀ ਮਦਦ ਕਰਨਾ ਹੈ, ਜਿਹੜੇ ਕੋਵਿਡ-19 ਮਹਾਂਮਾਰੀ ਕਾਰਨ ਘਾਟੇ ਵਿੱਚ ਚਲੇ ਗਏ ਹਨ।