India Punjab

ਗੁਜਰਾਤ ’ਚ ਪੰਜਾਬੀ ਕਿਸਾਨ ਦੀ ਮਿਹਨਤ ਦੀ ਕਮਾਈ ਕੀਤੀ ਸਾੜ ਕੇ ਸਵਾਹ, ਬੀਜੀਪੇ ਦੇ ਲੋਕਲ ਲੀਡਰਾਂ ‘ਤੇ ਲੱਗ ਰਹੇ ਜ਼ਮੀਨਾਂ ਕਬਜ਼ਾਉਣ ਦੇ ਇਲਜ਼ਾਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਗੁਜਰਾਤ ਵਿੱਚ ਪੰਜਾਬੀ ਕਿਸਾਨ ਦੀ ਫਸਲ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਉੱਥੇ ਰਹਿੰਦੇ ਕਿਸਾਨਾਂ ’ਚ ਖੌਫ਼ ਪੈਦਾ ਹੋ ਗਿਆ ਹੈ। ਪੰਜਾਬੀ ਕਿਸਾਨਾਂ ਨੇ ਇਹ ਮਾਮਲਾ ਭੁਜ ਪੁਲੀਸ ਦੇ ਵੀ ਧਿਆਨ ਵਿੱਚ ਲਿਆਂਦਾ ਹੈ। ਥਾਣਾ ਭੁਜ ਪੁਲੀਸ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ। ਪੁਲੀਸ ਨੇ ਪੀੜਤ ਕਿਸਾਨ ਦੇ ਬਿਆਨ ਵੀ ਲਏ ਹਨ।


ਜਾਣਕਾਰੀ ਅਨੁਸਾਰ ਭੁਜ ਦੇ ਪਿੰਡ ਲੋਰੀਆ ਵਿਚ ਕਿਸਾਨ ਜਸਵਿੰਦਰ ਸਿੰਘ ਦੀ ਕਰੀਬ ਸੱਤ ਏਕੜ ਸਰ੍ਹੋਂ ਦੀ ਫ਼ਸਲ ਨੂੰ ਅੱਧੀ ਰਾਤ ਨੂੰ ਅੱਗ ਲਾਈ ਗਈ ਹੈ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਪੌਣੇ ਇੱਕ ਵਜੇ ਰਾਤ ਨੂੰ ਉਨ੍ਹਾਂ ਨੂੰ ਇਸਦੀ ਜਾਣਕਾਰੀ ਰਾਹਗੀਰਾਂ ਨੇ ਦਿੱਤੀ। ਉਸੇ ਵੇਲੇ ਪੁਲੀਸ ਕੰਟਰੋਲ ਰੂਮ ’ਤੇ ਇਸਦੀ ਜਾਣਕਾਰੀ ਦਿੱਤੀ ਗਈ। ਪਰ ਉਦੋਂ ਤੱਕ ਫਸਲ ਸਵਾਹ ਚੁੱਕੀ ਸੀ।

ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਲੋਰੀਆ ’ਚ ਭਾਜਪਾ ਨਾਲ ਸਬੰਧਤ ਦੋ ਭਰਾਵਾਂ ‘ਤੇ ਪੰਜਾਬੀ ਕਿਸਾਨਾਂ ਦੀ ਜ਼ਮੀਨ ਕਬਜਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੇ ਪਹਿਲਾਂ ਵੀ ਇਨ੍ਹਾਂ ਦੋਵੇਂ ਭਰਾਵਾਂ ਨਾਲ ਕਈ ਕੇਸ ਪੁਲੀਸ ਕੋਲ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਸੱਤ ਏਕੜ ਵਿੱਚ ਲੱਗੀ ਸਰ੍ਹੋਂ ਦੀ ਫਸਲ ਉਨ੍ਹਾਂ ਨੇ ਇਕੱਠੀ ਕਰਕੇ ਖੇਤ ਵਿਚ ਰੱਖੀ ਸੀ, ਜਿਸ ਨੂੰ ਅੱਗ ਲਾਈ ਗਈ ਹੈ।


ਕਿਸਾਨਾਂ ਨੇ ਦੱਸਿਆ ਕਿ ਪੁਲਿਸ ਨੇ ਹਾਲੇ ਕੋਈ ਕਾਰਵਾਈ ਨਹੀਂ ਕੀਤੀ ਹੈ। ਸਾਲ 2013 ਵਿਚ ਵੀ ਸਥਾਨਕ ਲੀਡਰ ਪੰਜਾਬੀ ਕਿਸਾਨਾਂ ਦੇ ਘਰ ਫੂਕਣ ਆਏ ਸਨ ਤੇ ਗੱਡੀਆਂ ’ਤੇ ਵੀ ਹਮਲਾ ਕੀਤਾ ਗਿਆ ਸੀ। ਕਿਸਾਨਾਂ ਨੇ ਮੋਦੀ ਸਰਕਾਰ ਨੂੰ ਪੰਜਾਬੀ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਕਿਸਾਨਾਂ ਨੂੰ ਗੁਜਰਾਤ ਵਿਚ ਜ਼ਮੀਨਾਂ ਅਲਾਟ ਹੋਈਆਂ ਹਨ। ਪੰਜਾਬ ਤੇ ਹਰਿਆਣਾ ਦੇ ਗੁਜਰਾਤ ਵਿਚ ਵਸਦੇ ਕਿਸਾਨਾਂ ਖਿਲਾਫ਼ ਗੁਜਰਾਤ ਸਰਕਾਰ ਸੁਪਰੀਮ ਕੋਰਟ ਵਿਚ ਵੀ ਜਾ ਚੁੱਕੀ ਹੈ।