‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਜਾਂਚ ਕਰ ਰਹੀ ਐੱਸਆਈਟੀ ਦੀ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਸੀ, ਉਸੇ ਤਰ੍ਹਾਂ ਇਹ ਰਿਪੋਰਟ ਵੀ ਜਨਤਕ ਕੀਤੀ ਜਾਵੇ।
ਨਵਜੋਤ ਸਿੰਘ ਸਿੱਧੂ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਬਰਗਾੜੀ ਪਿੰਡ ਪਹੁੰਚੇ। ਨਵਜੋਤ ਸਿੱਧੂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਉਸ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ। ਉਹ ਪਿੰਡ ਦੇ ਲੋਕਾਂ ਨੂੰ ਮਿਲੇ ਅਤੇ ਪੰਜਾਬ ਸਰਕਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਅਤੇ ਕੋਟਕਪੂਰਾ ਤੇ ਬਹਿਬਲ ਕਲਾ ਗੋਲੀਕਾਂਡ ਅਤੇ ਜੱਲ੍ਹਿਆਂਵਾਲੇ ਬਾਗ਼ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਅਤੇ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਉਸ ਵੇਲੇ ਦੇ ਸਿਆਸੀ ਲੀਡਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੋ ਗੁਰੂ ਸਾਹਿਬ ਦਾ ਹੀ ਨਹੀਂ ਹੋ ਸਕਿਆ, ਉਹ ਪੰਜਾਬ ਦਾ ਕੀ ਹੋਵੇਗਾ। ਜੱਲ੍ਹਿਆਵਾਲੇ ਸਾਕੇ ਨੇ ਸਾਰੇ ਦੇਸ਼ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਕਾਨੂੰਨ ਤੱਥਾਂ ਦੇ ਆਧਾਰ ‘ਤੇ ਫੈਸਲਾ ਕਰਦਾ ਹੈ। ਜੇ ਤੱਥ ਹੀ ਕਮਜ਼ੋਰ ਹੋਣ, ਤੱਥ ਪੇਸ਼ ਕਰਨ ਵਾਲੇ ਹੀ ਕਮਜ਼ੋਰ ਹੋਣ, ਫਿਰ ਫੈਸਲੇ ਨਹੀਂ ਨਿਕਲਦੇ। ਇਸ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਵਕੀਲਾਂ ਨੂੰ ਕਿਉਂ ਨਹੀਂ ਲਿਆਂਦਾ ਗਿਆ। ਇਹ ਅਣਗਹਿਲੀ ਕਿਉਂ ਵਰਤੀ ਗਈ ਹੈ। ਇਸ ਮੌਕੇ ਸਿੱਧੂ ਨੇ ਕੈਪਟਨ ਸਰਕਾਰ ਨੂੰ ਸਿੱਖ ਇਤਿਹਾਸ ਤੋਂ ਕਈ ਸਾਖੀਆਂ ਦਾ ਹਵਾਲਾ ਦੇ ਕੇ ਹਲੂਣਿਆ। ਸਿੱਧੂ ਨੇ ਕੈਪਟਨ ਨੂੰ ਪਰਮਾਤਮਾ ਦੇ ਨਾਂ ‘ਤੇ ਚੇਤੰਨ ਕਰਵਾਉਂਦਿਆਂ ਕਿਹਾ ਕਿ ਪਰਮਾਤਮਾ ਨੇ ਤਾਂ ਫੈਸਲਾ ਕਰ ਹੀ ਦੇਣਾ ਹੈ, ਉਹ ਤਾਂ ਬਸ ਪਰਖ ਰਿਹਾ ਹੈ ਕਿ ਤੁਸੀਂ ਉਸਦੀ ਕਸੌਟੀ ‘ਤੇ ਖਰੇ ਉੱਤਰਦੇ ਹੋ ਜਾਂ ਨਹੀਂ।
Comments are closed.