‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਕੌਮ ਦੇ ਪੰਜ ਤਖ਼ਤ ਸਾਹਿਬਾਨਾਂ ਵਿੱਚੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਚਾਰ ਰੋਜ਼ਾ ਵਿਸਾਖੀ ਦਾ ਮੇਲਾ ਆਰੰਭ ਹੋ ਗਿਆ। ਕੱਲ੍ਹ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ 13 ਅਪ੍ਰੈਲ ਨੂੰ ਵੈਸਾਖ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਪਾਏ ਜਾਣਗੇ।
ਇਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਵਿਸਾਖੀ ਦਾ ਤਿਉਹਾਰ ਮਨਾਉਣ ਲਈ ਸੰਗਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਪਹੁੰਚਣ ਲੱਗੀ ਹੈ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਰੋਨਾ ਦੇ ਕਰਕੇ ਸੰਗਤ ਦੀ ਆਮਦ ਥੋੜ੍ਹੀ ਘੱਟ ਹੈ। ਸੰਗਤ ਦੀ ਰਹਿਣ ਲਈ ਸ਼੍ਰੋਮਣੀ ਕਮੇਟੀ, ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਨਗਰ ਵਾਸੀਆਂ, ਅਤੇ ਸਥਾਨਕ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਖ-ਵੱਖ ਥਾਂਵਾਂ ’ਤੇ ਪ੍ਰਬੰਧ ਕੀਤੇ ਗਏ ਹਨ। ਸੰਗਤ ਲਈ 24 ਘੰਟੇ ਲੰਗਰ ਚੱਲ ਰਿਹਾ ਹੈ।
ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵੀ ਵਿਸਾਖੀ ਦੇ ਮੇਲੇ ਸਬੰਧੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਆਉਂਦੇ ਰਸਤਿਆਂ ’ਤੇ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ ‘ਤੇ ਆਰਜ਼ੀ ਅੱਡੇ ਬਣਾਏ ਗਏ ਹਨ। ਪੁਲਿਸ ਅਧਿਕਾਰੀਆਂ ਅਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੇਲੇ ’ਤੇ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਸਾਰੀ ਸੰਗਤ ਨੂੰ ਕਰੋਨਾ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮੇਲੇ ਵਿੱਚ ਆਉਣ ਦੀ ਅਪੀਲ ਕੀਤੀ ਹੈ।